Punjab News: ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਦੇ ਮੋਹਾਲੀ ਤੋਂ ਫੜੇ ਗਏ ਤਿੰਨ ਸਾਥੀਆਂ ਦੀ ਰਿਹਾਈ ਲਈ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਪੰਨੂ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਤਿੰਨੇ ਦੋਸ਼ੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਦਿਲਾਵਰ ਸਿੰਘ ਦੇ ਵਾਰਸ ਹਨ। ਜੇ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸਿਆਸੀ ਮੌਤ ਲਈ ਤਿਆਰ ਰਹੋ।
ਪੰਨੂ ਨੇ ਇੱਕ ਨਵੀਂ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਸੀਐਮ ਮਾਨ ਦੀ ਸਰਕਾਰ ਨੇ ਦਿਲਾਵਰ ਸਿੰਘ ਦੇ ਤਿੰਨ ਵਾਰਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਤਸ਼ੱਦਦ ਕਰਕੇ 'ਤੇ ਝੂਠਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕੋਲੋਂ ਖਾਲਿਸਤਾਨ ਅਤੇ ਰੈਫਰੈਂਡਮ ਦੇ ਝੰਡੇ ਮਿਲੇ ਹਨ। ਇਹ ਤਿੰਨੋਂ ਉਸ ਦੇ ਸਿੱਧੇ ਸੰਪਰਕ ਵਿੱਚ ਹਨ। ਉਨ੍ਹਾਂ ਨੂੰ ਕੋਈ ਹਥਿਆਰ ਨਹੀਂ ਸੌਂਪਿਆ ਗਿਆ, ਸਿਰਫ ਖਾਲਿਸਤਾਨ ਅਤੇ ਰੈਫਰੈਂਡਮ ਦਾ ਝੰਡਾ ਸੌਂਪਿਆ ਗਿਆ ਹੈ।
ਪੰਨੂ ਨੇ ਕਿਹਾ ਕਿ ਭਗਵੰਤ ਮਾਨ, ਬੇਅੰਤ ਸਿੰਘ ਨੂੰ ਯਾਦ ਕਰ। ਉਸ ਨੇ ਵੀ ਅਜਿਹਾ ਹੀ ਕੀਤਾ ਸੀ ਤੇ ਇਸ ਦਾ ਨਤੀਜਾ ਉਸ ਨੂੰ ਭੁਗਤਣਾ ਪਿਆ। ਖਾਲਿਸਤਾਨ ਰੈਫਰੈਂਡਮ ਦੇ ਝੰਡੇ ਫੜਨ ਵਾਲੇ ਹੱਥਾਂ ਨੂੰ ਰਾਕੇਟ ਲਾਂਚਰ ਫੜਨ ਵਿੱਚ ਦੇਰ ਨਹੀਂ ਲੱਗੇਗੀ। ਅੱਜ ਵੀ ਦਿਲਾਵਰ ਸਿੰਘ ਦੇ ਸੈਂਕੜੇ ਵਾਰਸ ਸੰਕੇਤ ਦੀ ਉਡੀਕ ਕਰ ਰਹੇ ਹਨ ਪਰ ਅਸੀਂ ਪੰਥ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਰੈਫਰੈਂਡਮ ਰਾਹੀਂ ਖਾਲਿਸਤਾਨ ਦਾ ਹੱਲ ਲੱਭਾਂਗੇ।
ਉਸ ਨੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਧਮਕੀ ਦਿੱਤੀ ਹੈ ਕਿ ਜੇਕਰ 15 ਫਰਵਰੀ ਤੱਕ ਤਿੰਨਾਂ ਨੌਜਵਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ।
ਪਹਿਲਾਂ ਵੀ ਦੇ ਚੁੱਕਿਆ ਹੈ ਧਮਕੀ
ਜ਼ਿਕਰਯੋਗ ਹੈ ਕਿ ਅੱਤਵਾਦੀ ਪੰਨੂ ਪਹਿਲਾਂ ਵੀ ਦੇਸ਼ ਅਤੇ ਸੂਬੇ ਦੇ ਨੇਤਾਵਾਂ ਨੂੰ ਅਜਿਹੀਆਂ ਧਮਕੀਆਂ ਦੇ ਚੁੱਕਾ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ 26 ਜਨਵਰੀ ਨੂੰ ਸੀਐਮ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਜਿਸ ਵਿੱਚ ਉਨ੍ਹਾਂ ਸਾਫ਼ ਕਿਹਾ ਸੀ ਕਿ ਜਿੱਥੇ ਵੀ ਸੀਐਮ ਭਗਵੰਤ ਮਾਨ ਤਿਰੰਗਾ ਲਹਿਰਾਉਣਗੇ, ਉੱਥੇ ਹੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।