ਚੰਡੀਗੜ੍ਹ: ਬੇਅਦਬੀ ਤੇ ਗੋਲੀ ਕਾਂਡ ਨੂੰ ਲੈ ਕੇ ਸਿੱਖਾਂ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਕਾਂਗਰਸ ਖਿਲਾਫ ਵੀ ਕਾਫੀ ਰੋਹ ਹੈ। ਇਸ ਲਈ ਲੋਕ ਸਭਾ ਚੋਣਾਂ ਵਿੱਚ ਦੋਵਾਂ ਪਾਰਟੀਆਂ ਨੂੰ ਇਹ ਮੁੱਦਾ ਭਾਰੀ ਪਏਗਾ। ਬਰਗਾੜੀ ਮੋਰਚਾ ਦੇ ਲੀਡਰਾਂ ਤੇ ਹੋਰ ਸਿੱਖ ਜਥੇਬੰਦੀਆਂ ਅਕਾਲੀ ਦਲ ਤੇ ਕਾਂਗਰਸ ਨੂੰ ਹਰਾਉਣ ਦਾ ਸੱਦਾ ਦੇ ਰਹੀਆਂ ਹਨ। ਇਸ ਤਹਿਤ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਵੀ ਪੰਜਾਬੀਆਂ ਨੂੰ ਸੰਸਦੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦਾ ਸਫ਼ਾਇਆ ਕਰਨ ਲਈ ਕਿਹਾ ਹੈ।


ਭਾਈ ਮੰਡ ਨੇ ਸੰਗਰੂਰ ਵਿੱਚ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਤੇ ਇਨਸਾਫ਼ਪਸੰਦ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਕਦੇ ਭੁੱਲ ਨਹੀਂ ਸਕਦੇ। ਇਸ ਲਈ ਬੇਅਦਬੀ ਕਰਾਉਣ ਵਾਲਿਆਂ ਦਾ ਸਿਆਸੀ ਤੌਰ ’ਤੇ ਚੋਣਾਂ ਵਿੱਚ ਸਫਾਇਆ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਵੋਟ ਦੀ ਰਾਜਨੀਤੀ ਨੂੰ ਮੁੱਖ ਰੱਖ ਕੇ ਕਾਰਵਾਈ ਹੁੰਦੀ ਹੈ ਜਦੋਂਕਿ ਲੋਕਾਂ ਨੂੰ ਮੁੱਖ ਰੱਖ ਕੇ ਕੁਝ ਵੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਗੁਰੂ ਦੀ ਬੇਅਦਬੀ ਹੋਣਾ, ਦੋ ਸਿੱਖਾਂ ਦਾ ਸ਼ਹੀਦ ਹੋਣਾ ਤੇ ਵੋਟਾਂ ਬਦਲੇ ਦੋਸ਼ੀਆਂ ਨੂੰ ਬਚਾਉਣਾ, ਇਹ ਅਕਾਲੀ ਸਰਕਾਰ ਦੇ ਹਿੱਸੇ ਆਇਆ ਹੈ।

ਉਨ੍ਹਾਂ ਕਿਹਾ ਕਿ ਇਸ ਮਗਰੋਂ ਵਿਧਾਨ ਸਭਾ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੱਥ ਵਿੱਚ ਧਾਰਮਿਕ ਗੁਟਕੇ ਦੀ ਸਹੁੰ ਚੁੱਕ ਕੇ ਆਖਿਆ ਗਿਆ ਕਿ ਮੌਕਾ ਦਿਓ, ਬੇਅਦਬੀ ਦੇ ਦੋਸ਼ੀ ਬਖ਼ਸੇ ਨਹੀਂ ਜਾਣਗੇ। ਕੈਪਟਨ ਸਰਕਾਰ ਬਣਨ ਦੇ ਡੇਢ ਸਾਲ ਬੀਤਣ ਮਗਰੋਂ ਵੀ ਜਦੋਂ ਇਨਸਾਫ਼ ਨਾ ਮਿਲਿਆ ਤਾਂ ਬਰਗਾੜੀ ਮੋਰਚਾ ਲਾਉਣਾ ਪਿਆ।

ਇਸ ਮੋਰਚੇ ਦੇ ਦਬਾਅ ਹੇਠ ਅਣਪਛਾਤੀ ਪੁਲੀਸ ਵੀ ਪਛਾਣੀ ਗਈ, ਗ੍ਰਿਫ਼ਤਾਰੀਆਂ ਹੋਈਆਂ, ਵਿਧਾਨ ਸਭਾ ’ਚ ਬਹਿਸ ਹੋਈ ਤੇ ਜਾਂਚ ਲਈ ਐਸਆਈਟੀ ਬਣੀ। ਜਾਂਚ ਨੇੜੇ ਪੁੱਜੀ ਤਾਂ ਸਿੱਟ ’ਚ ਇਮਾਨਦਾਰ ਅਫ਼ਸਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਕਰਵਾ ਦਿੱਤੀ ਗਈ। ਭਾਈ ਮੰਡ ਨੇ ਕਿਹਾ ਕਿ ਜੇਕਰ ਬੇਅਦਬੀ ਮਾਮਲੇ ’ਚ ਸਿੱਖ ਕੌਮ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਚੁੱਪ ਕਰਕੇ ਨਹੀਂ ਬੈਠਣਗੇ ਤੇ ਮੋਰਚੇ ਲਈ ਮੁੜ ਤਿਆਰ ਹਨ।