ਚੰਡੀਗੜ੍ਹ: ਬੇਅਦਬੀ ਤੇ ਗੋਲੀਕਾਂਡ ਦੀ ਪੜਤਾਲ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਵਿਚਾਲੇ ਛਿੜੇ ਰੱਫੜ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਕਸੀਜ਼ਨ ਮਿਲੀ ਹੈ। ਸਿੱਟ ਦੇ ਅਫਸਰਾਂ ਦੇ ਆਪਸੀ ਕਲੇਸ਼ ਮਗਰੋਂ ਅਕਾਲੀ ਦਲ ਨੇ ਮੁੜ ਮੋਰਚੇ ਸੰਭਲ ਲਏ ਹਨ। ਅਕਾਲੀ ਦਲ ਦਾ ਵਫਦ ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਬਦਲੀ ਦੇ ਮਾਮਲੇ ’ਤੇ ਅੱਜ ਚੋਣ ਕਮਿਸ਼ਨ ਨੂੰ ਮਿਲ ਰਿਹਾ ਹੈ।


ਯਾਦ ਰਹੇ ਅਕਾਲੀ ਦਲ ਆਈਜੀ ਕੁੰਵਰ ਵਿਜੇ ਪ੍ਰਤਾਪ ’ਤੇ ਪੱਖਪਾਤ ਦੇ ਇਲਜ਼ਾਮ ਲਾਉਂਦਾ ਰਿਹਾ ਹੈ। ਇਸ ਲਈ ਹੀ ਚੋਣ ਜ਼ਾਬਤੇ ਦੌਰਾਨ ਕੁੰਵਰ ਵਿਜੈ ਪ੍ਰਤਾਪ ਦੀ ਬਦਲੀ ਵੀ ਕਰ ਦਿੱਤੀ ਗਈ ਸੀ। ਇਸ ਅਧਿਕਾਰੀ ਦੇ ਦਸਤਖ਼ਤਾਂ ਹੇਠ ਹੀ 23 ਮਈ ਨੂੰ ਚਲਾਨ ਪੇਸ਼ ਕੀਤਾ ਗਿਆ ਹੈ। ਇਸ ਦਾ ਸਿੱਟ ਦੇ ਹੀ ਮੁਖੀ ਪ੍ਰਬੋਧ ਕੁਮਾਰ ਨੇ ਵਿਰੋਧ ਕੀਤਾ ਹੈ। ਇਸ ਲਈ ਅਕਾਲੀ ਦਲ ਨੂੰ ਸਿੱਟ ਦਾ ਇਹ ਕਲੇਸ਼ ਰਾਸ ਆ ਰਿਹਾ ਹੈ।

ਅਕਾਲੀ ਦਲ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਜਦ ਇਸ ਅਧਿਕਾਰੀ ਦੀ ‘ਸਿੱਟ’ ਤੋਂ ਬਦਲੀ ਕਰ ਦਿੱਤੀ ਗਈ ਸੀ ਤਾਂ ਕਾਂਗਰਸ ਸਰਕਾਰ ਨੇ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ। ਅਕਾਲੀ ਦਲ ਸਿੱਟ ਦੇ ਕਲੇਸ਼ ਦਾ ਹਵਾਰਾ ਦੇ ਕੇ ਦਾਅਵਾ ਕਰ ਰਿਹਾ ਹੈ ਕਿ ਜੋ ਉਹ ਪਹਿਲਾਂ ਕਹਿ ਰਹੇ ਸੀ, ਉਸ 'ਤੇ ਸਿੱਟ ਦੇ ਮੈਂਬਰ ਖੁਦ ਹੀ ਮੋਹਰ ਲਾ ਰਹੇ ਹਨ।

ਉਧਰ, ਸਿੱਟ ਦੇ ਕਲੇਸ਼ ਨਾਲ ਪੰਜਾਬ ਸਰਕਾਰ ਤੇ ਪੁਲਿਸ ਨੂੰ ਵੀ ਨਮੋਸ਼ੀ ਸਹਿਣੀ ਪੈ ਰਹੀ ਹੈ। ਇਸ ਲਈ ਸੋਮਵਾਰ ਨੂੰ ਪੰਜਾਬ ਪੁਲਿਸ ਦੇ ਕਾਰਜਕਾਰੀ ਮੁਖੀ ਵੀਕੇ ਭਾਵਰਾ ਨੇ ਸਿੱਟ ਦੇ ਮੈਂਬਰਾਂ ਨਾਲ ਹੰਗਾਮੀ ਮੀਟਿੰਗ ਕੀਤੀ। ਡੀਜੀਪੀ ਨੇ ਪਹਿਲਾਂ ਆਈਜੀ ਕੁੰਵਰ ਵਿਜੈ ਪ੍ਰਤਾਪ ਨਾਲ ਮੀਟਿੰਗ ਕੀਤੀ ਜਿਸ ’ਚ ਉਨ੍ਹਾਂ ਕਿਹਾ ਕਿ ਜਾਂਚ ਟੀਮ ਦੇ ਸਾਰੇ ਮੈਂਬਰ ਚਾਰਜਸ਼ੀਟ ਵਿੱਚ ਪੇਸ਼ ਕੀਤੇ ਗਏ ਤੱਥਾਂ ਨਾਲ ਸਹਿਮਤ ਹਨ। ਚਾਰਜਸ਼ੀਟ ’ਤੇ ਆਈਜੀ ਕੁੰਵਰ ਵਿਜੈ ਪ੍ਰਤਾਪ ਦੇ ਹੀ ਦਸਤਖ਼ਤ ਕੀਤੇ ਹੋਣ ਬਾਰੇ ਆਈਜੀ ਨੇ ਕਿਹਾ ਕਿ ਉਨ੍ਹਾਂ ਦੇ ਦਸਤਖਤਾਂ ਹੇਠ ਸੰਮਨ ਤੇ ਹੋਰ ਦਸਤਾਵੇਜ਼ ਜਾਰੀ ਕੀਤੇ ਜਾਂਦੇ ਰਹੇ ਹਨ। ਉਹ ਮੀਡੀਆ ਨੂੰ ਵੀ ਜਾਣਕਾਰੀ ਦਿੰਦੇ ਰਹੇ ਹਨ। ਇਸ ਲਈ ਉਨ੍ਹਾਂ ਦੇ ਦਸਤਖ਼ਤਾਂ ਨਾਲ ਹੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ।

ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਡੀਜੀਪੀ ਭਾਵਰਾ ਨੂੰ ਕਿਹਾ ਸੀ ਕਿ ਉਹ ਟੀਮ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਮਾਮਲੇ ਨੂੰ ਹੱਲ ਕਰਨ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਸਿੱਟ ਦੇ ਕਿਸੇ ਮੈਂਬਰ ਨੇ ਕੁੰਵਰ ਵਿਜੈ ਪ੍ਰਤਾਪ ਦੇ ਕੰਮਕਾਜ ਬਾਰੇ ਇਤਰਾਜ਼ ਨਹੀਂ ਕੀਤਾ ਤਾਂ ਹੁਣ ਕਿਉਂ ਕਰ ਰਹੇ ਹਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਦੇ ਹੁਕਮਾਂ ਤੇ ਆਈਜੀ ਦੀ ਬਦਲੀ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਜਾਂਚ ਟੀਮ ਤੋਂ ਬਦਲਿਆ ਨਹੀਂ ਸੀ ਗਿਆ ਤੇ ਇਸ ਕਰਕੇ ਉਹ ਜਾਂਚ ਟੀਮ ਲਈ ਕੰਮ ਕਰਦੇ ਰਹੇ।