ਅੰਮ੍ਰਿਤਸਰ: ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਦੇ 548ਵੇਂ ਪ੍ਰਕਾਸ਼ ਪੁਰਬ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਮੁੱਚੀ ਮਾਨਵਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਜੀ ਨੇ ਪੂਰਨ ਸੱਚ ਦਾ ਗਿਆਨ ਸੰਸਾਰ ਨੂੰ ਦਿੱਤਾ ਹੈ। ਉਨ੍ਹਾਂ ਦਾ ਗਿਆਨ ਸਾਰੀ ਮਨੁੱਖਤਾ ਦੇ ਭਲੇ ਲਈ ਮਹੱਤਵਪੂਰਨ ਤੇ ਕੀਮਤੀ ਹੈ।
ਸ੍ਰੀ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਜਿੰਨੀ ਉੱਚੀ-ਸੁੱਚੀ ਤੇ ਵਿਸ਼ਾਲ ਹੈ, ਮਨੁੱਖ ਅਜੇ ਵੀ ਇਸ ਪੱਧਰ ਤੱਕ ਨਹੀਂ ਪਹੁੰਚ ਸਕਿਆ। ਅੱਜ ਦਾ ਮਨੁੱਖ ਵੀ ਪਰਮਾਤਮਾ ਦੇ ਨਿਰਾਕਾਰ ਰੂਪ ਨੂੰ ਨਾ ਤਾਂ ਅਪਣਾ ਸਕਿਆ ਤੇ ਨਾ ਹੀ ਵੱਖ-ਵੱਖ ਧਰਮਾਂ ਦੀ ਸੋਚ ਤੋਂ ਉਪਰ ਉੱਠ ਸਕਿਆ ਹੈ। ਇਸ ਤੋਂ ਇਲਾਵਾ ਹਿੰਸਾ, ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ, ਪ੍ਰਕਿਰਤੀ ਦਾ ਪ੍ਰਦੂਸ਼ਣ ਧਰਤੀ ਉੱਤੇ ਜੀਵਨ ਲਈ ਚਿੰਤਾਜਨਕ ਸਮੱਸਿਆਵਾਂ ਪੈਦਾ ਕਰ ਰਿਹਾ ਹੈ।
ਇਸ ਲਈ ਗੁਰੂ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸੰਸਾਰ ਵਿੱਚ ਅਪਨਾਉਣ ਦੀ ਸਖਤ ਲੋੜ ਹੈ ਤਾਂ ਜੋ ਸਾਰੀ ਮਨੁੱਖਤਾ ਨੂੰ ਇੱਕੋ ਅਕਾਲ ਪੁਰਖ ਦੇ ਪੁਜਾਰੀ ਤੇ ਸਾਂਝੀਵਾਲਤਾ ਬਣਾ ਕੇ ਇਸ ਸ੍ਰਿਸ਼ਟੀ ਨੂੰ ਅਜਿਹੇ ਪਰਿਵਾਰ ਦਾ ਰੂਪ ਦਿੱਤਾ ਜਾ ਸਕੇ ਜਿੱਥੇ ਪਵਣ ਗੁਰੂ ਹੋਵੇ, ਪਾਣੀ ਪਿਤਾ ਤੇ ਧਰਤੀ ਮਾਤਾ ਦੀ ਗੋਦ ਵਿੱਚ ਮਨੁੱਖਤਾ ਸੁਖੀ ਵੱਸਦੀ ਰਹੇ।