ਚੰਡੀਗੜ੍ਹ: ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਪੂਰੀ ਦੁਨੀਆ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਪ੍ਰਕਾਸ਼ ਪੁਰਬ ਦਾ ਵੱਖਰਾ ਹੀ ਜਾਹੋ-ਜਲਾਲ ਹੈ।

ਪਾਕਿਸਤਾਨ ਵਿੱਚ ਸਿਰਫ ਸਿੱਖ ਹੀ ਬਲਕਿ ਮੁਸਲਿਮ ਲੋਕ ਵੀ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ। ਭਾਰਤ ਤੋਂ 2500 ਦੀ ਗਿਣਤੀ ਵਿੱਚ ਸੰਗਤ ਨਨਕਾਣਾ ਸਾਹਿਬ ਪਹੁੰਚੀ ਹੋਈ ਹੈ।

ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਗੱਲ ਕੀ ਧਰਤੀ ਦੇ ਹਰ ਕੋਨੇ 'ਤੇ ਪ੍ਰਕਾਸ਼ ਪੁਰਬ ਦੀ ਰੌਣਕ ਹੈ। ਹਰ ਕੋਈ ਇੱਕ ਦੂਜੇ ਨੂੰ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦੇ ਰਿਹਾ ਹੈ। ਗੁਰੂ ਘਰਾਂ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ। ਗੁਰੂ ਨਾਨਕ ਪਾਤਸ਼ਾਹ ਦੀ ਮਹਿਮਾ ਵਿੱਚ ਭਾਈ ਗੁਰਦਾਸ ਵੱਲੋਂ ਰਚਿਤ ਸ਼ਬਦਾਂ ਦੇ ਗਾਇਨ ਨਾਲ ਆਲਾ-ਦੁਆਲਾ ਮਹਿਕ ਰਿਹਾ ਹੈ।

ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੇਤ ਹਰ ਗੁਰੂ ਘਰ ਵਿੱਚੋਂ 'ਕਲਿ ਤਾਰਣਿ ਗੁਰੂ ਨਾਨਕ ਆਇਆ' ਦੀਆਂ ਮਿੱਠੀਆਂ ਦੁਨੀਆਂ ਸੁਣਾਈ ਦੇ ਰਹੀਆਂ ਹਨ। ਵੱਖ-ਵੱਖ ਥਾਵਾਂ 'ਤੇ ਅੱਜ ਨਗਰ ਕੀਰਤਨ ਵੀ ਸਜਾਏ ਜਾ ਰਹੇ ਹਨ। ਸੰਗਤ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ 1469 ਚ ਕੱਤਕ ਦੀ ਪੂਰਨਮਾਸ਼ੀ ਨੂੰ ਰਾਇ ਭੋਇ ਕੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ ਸੀ।