Giani Harpreet Singh: ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਉਪਰ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਪੰਥਕ ਹਿੱਤਾਂ ਨੂੰ ਢਾਹ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਉਹ ਚਾਪਲੂਸਾਂ ਨਾਲ ਘਿਰਿਆ ਹੋਇਆ ਹੈ। ਉਨ੍ਹਾਂ ਨੇ ਸਿੱਖ ਹਿਤੈਸ਼ੀ ਲੋਕਾਂ ਨੂੰ ਇਕੱਠੇ ਹੋ ਕੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੇ ਮਾਣ-ਸਨਮਾਨ ਨੂੰ ਬਹਾਲ ਕਰਨ ਲਈ ਸਹਿਯੋਗ ਮੰਗਿਆ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਲਈ ਪਿੰਡ-ਪਿੰਡ ਜਾਣਗੇ ਤੇ ਪੰਥ ਵਿਰੋਧੀ ਤਾਕਤਾਂ ਦੇ ਚਿਹਰੇ ਨੰਗੇ ਕਰਨਗੇ। ਉਨ੍ਹਾਂ ਇਹ ਵੀ ਆਖਿਆ ਕਿ ਸੁਖਬੀਰ ਬਾਦਲ ਸਿੱਖਾਂ ਦੇ ਅਕਾਲੀ ਦਲ ਦੀ ਅਗਵਾਈ ਨਹੀਂ ਕਰ ਰਿਹਾ ਤੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਮੰਨਣ ਤੋਂ ਵੀ ਇਨਕਾਰੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਜਥੇਦਾਰ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਵੀ ਸੁਖਬੀਰ ਬਾਦਲ ਦੇ ਕਹਿਣ ’ਤੇ ਹੀ ਸ਼੍ਰੋਮਣੀ ਕਮੇਟੀ ਨੇ ਖ਼ਤਮ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਅਕਾਲੀ ਦਲ ਪੰਥ ਵਿਰੋਧੀ ਫ਼ੈਸਲੇ ਲੈਂਦਾ ਰਿਹਾ ਹੈ ਜਿਸ ਦਾ ਉਸ ਨੂੰ ਹਿਸਾਬ ਦੇਣਾ ਪਵੇਗਾ।
ਉਧਰ, ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਵਿਰੋਧ ਹੋਣ ਲੱਗਾ ਹੈ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੇ ਫੈਸਲੇ ਨੂੰ ਸਿੱਖ ਭਾਵਨਾਵਾਂ ਦੇ ਉਲਟ ਦੱਸਦਿਆਂ ਕਿਹਾ ਕਿ ਇਹ ਫੈਸਲਾ ਸੁਖਬੀਰ ਬਾਦਲ ਦੇ ਦਬਾਅ ਹੇਠ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਨੂੰ ਪਹਿਲਾਂ ਹੀ ਇਸ ਦਾ ਖ਼ਦਸ਼ਾ ਸੀ ਤੇ ਇਹ ਫੈਸਲਾ ਸਿੱਖ ਇਤਿਹਾਸ ਦੇ ਕਾਲੇ ਪੰਨਿਆਂ ਉੱਤੇ ਲਿਖਿਆ ਜਾਵੇਗਾ।
ਢੀਂਡਸਾ ਨੇ ਕਿਹਾ ਕਿ ਸਮੁੱਚਾ ਸਿੱਖ ਜਗਤ ਜਾਣਦਾ ਹੈ ਕਿ ਇੱਕ ਪਰਿਵਾਰ ਨੇ ਕਿਵੇਂ ਪੰਥਕ ਸੰਸਥਾਵਾਂ, ਸਿਧਾਂਤਾਂ ਤੇ ਮਰਿਆਦਾ ਨੂੰ ਵੱਡੀ ਢਾਹ ਲਾਈ। ਗਿਆਨੀ ਹਰਪ੍ਰੀਤ ਸਿੰਘ ਨੇ ਪੂਰੀ ਦ੍ਰਿੜ੍ਹਤਾ ਤੇ ਦਲੇਰੀ ਨਾਲ ਸਿੱਖ ਪੰਥ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਅਕਾਲ ਤਖ਼ਤ ਸਾਹਿਬ ਦੇ ਮਾਣ ਨੂੰ ਉੱਚਾ ਚੁੱਕਣ ਲਈ ਵੱਡੇ ਤੋਂ ਵੱਡੇ ਆਗੂਆਂ ਨੂੰ ਗਲਤੀਆਂ ਦਾ ਅਹਿਸਾਸ ਕਰਵਾਉਣ ਵਿੱਚ ਅਹਿਮ ਰੋਲ ਨਿਭਾਇਆ ਤੇ ਤਨਖਾਹ ਲਵਾਈ। ਢੀਂਡਸਾ ਨੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਦੇ ਦਬਾਅ ਹੇਠ ਲਏ ਗਏ ਇਸ ਫੈਸਲੇ ਨਾਲ ਅਕਾਲ ਤਖ਼ਤ ਸਾਹਿਬ ਨੂੰ ਸਿੱਧੀ ਚੁਣੌਤੀ ਦਿੱਤੀ ਹੈ ਜਿਸ ਦਾ ਢੁੱਕਵਾਂ ਜਵਾਬ ਦੇਣ ਲਈ ਸਮੁੱਚਾ ਪੰਥ ਇੱਕਜੁਟ ਹੈ।