Pahalgam Terror Attack: ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਉਪਰ ਹੋਏ ਅੱਤਵਾਦੀ ਹਮਲੇ ਬਾਰੇ ਸਾਬਕਾ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਸਰਕਾਰਾਂ ਨੂੰ ਘੇਰਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਧਰਮ ਪੁੱਛ ਕੇ ਗੋਲੀ ਮਾਰਨ ਦਾ ਇਹ ਵਰਤਾਰਾ ਅਜੋਕੀ ਘਟੀਆ ਰਾਜਨੀਤੀ ਦੇ ਗਰਭ ਵਿੱਚੋਂ ਹੀ ਪੈਦਾ ਹੋਇਆ ਹੈ।
ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰਾਂ ਤੇ ਜਿੰਮੇਵਾਰ ਮੀਡੀਆ ਜਿੰਨਾ, ਧਰਮਾਂ ਤੇ ਭਾਈਚਾਰਿਆਂ ਪ੍ਰਤੀ ਪੈਦਾ ਹੋਈ ਨਫਰਤ ਨੂੰ ਘਟਾਉਣ ਦਾ ਯਤਨ ਕਰੇਗਾ, ਓਨਾ ਹੀ ਸਮਾਜ ਸੁਖਦ ਰਹੇਗਾ। ਨਹੀਂ ਤਾਂ ਬਲਦੀ ਤੇ ਤੇਲ ਪਾਉਣ ਦਾ ਕੰਮ ਹੋਰ ਭਾਂਬੜ ਬਾਲੇਗਾ।
ਗਿਆਨੀ ਹਰਪ੍ਰਤੀ ਸਿੰਘ ਨੇ ਆਪਣੇ ਫੇਸਬੁੱਕ ਪੇਜ ਉਪਰ ਇੱਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ....ਕਸ਼ਮੀਰ ਦੀ ਧਰਤੀ ਤੇ ਇਨਸਾਨੀਅਤ ਦੇ ਨੰਗੇ ਚਿੱਟੇ ਕਤਲੇਆਮ ਨੂੰ ਬਿਆਨ ਕਰਦੀ ਇਹ ਤਸਵੀਰ ਇਹ ਵਹਿਸ਼ੀਆਣਾ ਕਾਰਵਾਈ ਕਰਨ ਵਾਲੇ ਦੀ ਕਰੂਰਤਾ ਨੂੰ ਵੀ ਬਿਆਨ ਕਰਦੀ ਹੈ। ਧਰਮ ਪੁੱਛ ਕੇ ਗੋਲੀ ਮਾਰਨ ਦਾ ਇਹ ਵਰਤਾਰਾ ਅਜੋਕੀ ਘਟੀਆ ਰਾਜਨੀਤੀ ਦੇ ਗਰਭ ਵਿੱਚੋਂ ਪੈਦਾ ਹੋਇਆ ਹੈ। ਕਦੇ ਧਰਮ ਦੇਖ ਕੇ ਗ੍ਰਿਫਤਾਰੀ ਤੇ ਕਦੇ ਧਰਮ ਦੇਖ ਕੇ ਘਰ ਤੇ ਹਮਲਾ ਕਰਨਾ, ਇਹ ਵਰਤਾਰਾ ਵੀ ਨਵਾਂ ਨਹੀਂ ਹੈ।
ਉਨ੍ਹਾਂ ਨੇ ਲਿਖਿਆ ਕਿ ਜਦੋਂ ਵੀ ਕਿਸੇ ਵੀ ਦੇਸ਼ ਅੰਦਰ ਸਰਕਾਰੀ ਦਮਨ ਦੇ ਵਿਰੋਧ ਵਿੱਚ ਲਹਿਰਾਂ ਪੈਦਾ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਕਾਮਜਾਬੀ ਲੋਕਾਂ ਵਿੱਚ ਅਧਾਰ ਕਾਇਮ ਕੀਤੇ ਬਿਨਾਂ ਨਹੀਂ ਹੋ ਸਕਦੀ। ਜਦੋਂ ਲਹਿਰਾਂ ਵਿੱਚ ਘਟੀਆ ਸੋਚ ਦੇ ਲੋਕ ਸ਼ਾਮਲ ਹੋ ਕੇ ਲੋਕ ਹਿਤਕਾਰੀ ਕੰਮ ਕਰਨ ਦੀ ਬਜਾਏ ਲੋਕ ਵਿੱਚ ਨਫਰਤ ਪੈਦਾ ਕਰਨ ਵਾਲੇ ਕਾਰਜ ਆਰੰਭ ਕਰ ਦਿੰਦੇ ਹਨ ਤਾਂ ਲੋਕ ਹਿਤਾਂ ਲਈ ਉਠੇ ਅੰਦੋਲਨ ਦਮ ਤੋੜ ਜਾਂਦੇ ਹਨ। ਚਾਹੇ ਉਹ ਸ਼ਾਂਤੀ ਨਾਲ ਲੜੇ ਜਾਣ ਵਾਲੇ ਅੰਦੋਲਨ ਹੀ ਕਿਉਂ ਨਾ ਹੋਣ।
ਗਿਆਨ ਹਰਪ੍ਰੀਤ ਸਿੰਘ ਨੇ ਅੱਗੇ ਲਿਖਿਆ ਪਹਿਲਗਾਮ ਵਿੱਚ ਹੋਏ ਹਮਲਾਵਰਾਂ ਨੇ ਨਾ ਸਿਰਫ ਕਈ ਮਜ਼ਲੂਮਾਂ ਦੀ ਜਾਨ ਲਈ ਸਗੋਂ ਸੈਲਾਨੀਆਂ ਦੇ ਸਿਰ ਤੇ ਪਲਣ ਵਾਲੇ ਕਈ ਕਸ਼ਮੀਰੀ ਪਰਿਵਾਰਾਂ ਦੀ ਕਿਰਤ ਤੇ ਵੀ ਬੁਲਡੋਜਰ ਚਲਾਇਆ ਹੈ। ਇਸ ਕਤਲੇਆਮ ਦੀ ਪੀੜ, ਪੀੜਤ ਪਰਿਵਾਰਾਂ ਦੇ ਨਾਲ-ਨਾਲ ਹਰ ਸੰਸਾਰ ਵਿੱਚ ਵਸਦੇ ਹਰ ਅਮਨਪਸੰਦ ਨੂੰ ਹੋਈ ਹੈ। ਇਸ ਤਰ੍ਹਾਂ ਦੀ ਪੀੜ ਚਿੱਠੀ ਸਿੰਘਪੁਰਾ ਦੇ ਕਤਲੇਆਮ ਸਮੇਂ ਵੀ ਬਹੁਤ ਉਠੀ ਸੀ। ਪਹਿਲਗਾਮ ਦੇ ਇਸ ਕਤਲੇਆਮ ਨੇ ਚਿੱਠੀ ਸਿੰਘਪੁਰਾ ਦੇ ਕਤਲੇਆਮ ਦੇ ਜਖਮ ਨੂੰ ਫਿਰ ਤੋਂ ਹਰਾ ਕੀਤਾ ਹੈ। ਸਰਕਾਰਾਂ ਤੇ ਜਿੰਮੇਵਾਰ ਮੀਡੀਆ ਜਿੰਨਾ, ਧਰਮਾਂ ਤੇ ਭਾਈਚਾਰਿਆਂ ਪ੍ਰਤੀ ਪੈਦਾ ਹੋਈ ਨਫਰਤ ਨੂੰ ਘਟਾਉਣ ਦਾ ਯਤਨ ਕਰੇਗਾ, ਉਨਾਂ ਹੀ ਸਮਾਜ ਸੁਖਦ ਰਹੇਗਾ। ਨਹੀ ਤਾਂ ਬਲਦੀ ਤੇ ਤੇਲ ਪਾਉਣ ਦਾ ਕੰਮ ਹੋਰ ਭਾਂਬੜ ਬਾਲੇਗਾ।