Punjab News: ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਹੜ੍ਹ ਪ੍ਰਭਾਵਿਤ ਇਲਕਿਆਂ ਦੇ ਦੌਰੇ ਤੋਂ ਪ੍ਰਾਪਤ ਹੋਈ ਜ਼ਮੀਨੀ ਹਕੀਕਤ ਤੋਂ ਬਾਅਦ ਕੇਂਦਰ ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਪ੍ਰਤੀਕ੍ਰਿਰਿਆ ਦਿੰਦੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਅਣ ਅਧਿਕਾਰਤ ਲਾਵਾਰਿਸ ਸੂਬਾ ਘੋਸ਼ਿਤ ਕੀਤਾ ਹੋਇਆ ਹੈ।
ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਵਿਵਸਥਾ ਨਹੀਂ ਹੈ। ਪੰਜਾਬ ਨੂੰ ਜਿੱਥੇ ਇੱਕ ਪਾਸੇ ਹੜ੍ਹ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਨੂੰ ਦਿੱਲੀ ਦੇ ਧਾੜਵੀਆਂ ਦੀ ਅੰਨ੍ਹੀ ਲੁੱਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਅਣਐਲਾਨੀ ਐਮਰਜੈਂਸੀ ਵਰਗੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਤੋਂ ਇੱਕ ਅੰਦਾਜਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਸੂਬਾ ਵਸਨੀਕਾਂ ਦੀ ਨਰਾਜ਼ਗੀ ਤੇ ਗੁੱਸੇ ਦੇ ਚਲਦੇ ਆਪ ਦੇ ਚੁਣੇ ਹੋਏ ਨੁਮਾਇੰਦਿਆਂ ਵਿਚਾਲੇ ਦਿੱਲੀ ਦੀ ਚਾਕਰੀ ਬਨਾਮ ਪੰਜਾਬ ਦਾ ਦਰਦ ਤਹਿਤ ਹੋਣ ਵਾਲੀ ਵਿਚਾਰਧਾਰਕ ਵੰਡ ਵੱਡੀ ਸਿਆਸੀ ਬਗਾਵਤ ਵਜੋਂ ਵੇਖਣ ਨੂੰ ਮਿਲੇਗੀ ਤੇ ਇਸ ਸਰਕਾਰ ਨੂੰ ਜਾਣਾ ਪਵੇਗਾ।
ਇਸ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਏ ਹੜ੍ਹ ਤੋਂ ਹੋਈ ਵੱਡੀ ਤਬਾਹੀ ਤੋਂ ਬਾਅਦ ਵੀ ਕੇਂਦਰ ਸਰਕਾਰ ਵੱਲੋਂ ਜ਼ਰੂਰੀ ਮਦਦ ਨਾ ਮਿਲਣਾ ਦੁੱਖਦਾਈ ਤੇ ਚਿੰਤਾਜਨਕ ਹੈ। ਪੰਜਾਬ ਦੇ ਹਜ਼ਾਰਾਂ ਪਰਿਵਾਰ ਮੁਸੀਬਤ ਵਿੱਚ ਹਨ। ਖੇਤੀਬਾੜੀ ਤਬਾਹ ਹੋ ਗਈ, ਘਰਾਂ ਤੇ ਦੁਕਾਨਾਂ ਨੂੰ ਵੱਡਾ ਨੁਕਸਾਨ ਹੋਇਆ ਪਰ ਕੇਂਦਰ ਸਰਕਾਰ ਦੀ ਬੇਰੁਖ਼ੀ ਨੇ ਪੰਜਾਬੀਆਂ ਦੇ ਮਨ ਵਿੱਚ ਨਿਰਾਸ਼ਾ ਪੈਦਾ ਕੀਤੀ ਹੈ।
ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਕਿਸਾਨੀ ਅੰਦੋਲਨ ਪ੍ਰਤੀ ਆਪਣੇ ਬਦਲੇ ਦੀ ਭਾਵਨਾ ਨੂੰ ਪਾਸੇ ਰੱਖਦੇ ਹੋਏ ਤੁਰੰਤ ਪ੍ਰਭਾਵ ਨਾਲ ਢੁੱਕਵਾਂ ਮੁਆਵਜ਼ਾ ਜਾਰੀ ਕਰੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਚੁੱਪੀ, ਹੜ੍ਹ ਤੋਂ ਮਿਲੇ ਜ਼ਖਮਾਂ ਨੂੰ ਹੋਰ ਖੁਰੇਦਨ ਦਾ ਕੰਮ ਕਰ ਰਹੀ ਹੈ। ਕੇਂਦਰ ਸਰਕਾਰ ਦੀ ਚੁੱਪੀ ਨਾਲ ਨਿਰਾਸ਼ਾ ਦਾ ਆਲਮ ਵਧ ਰਿਹਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਤੁਰੰਤ ਪ੍ਰਭਾਵ ਨਾਲ ਕੇਂਦਰ ਤੋਂ ਆਰਥਿਕ ਪੈਕਜ ਦੀ ਮੰਗ ਕੀਤੀ, ਉਨ੍ਹਾਂ ਨੇ ਕੇਂਦਰ ਤੋਂ ਮੰਗ ਕੀਤੀ ਕਿ...
ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਤੁਰੰਤ ਵਿੱਤੀ ਪੈਕੇਜ ਜਾਰੀ ਕੀਤਾ ਜਾਵੇ
ਤਬਾਹ ਹੋਈਆਂ ਫਸਲਾਂ, ਖੇਤੀ ਯੰਤਰਾਂ ਤੇ ਪਸ਼ੂਆਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ
ਢਾਂਚਾਗਤ ਨੁਕਸਾਨ (ਸੜਕਾਂ, ਪੁਲਾਂ, ਸਕੂਲਾਂ, ਹਸਪਤਾਲਾਂ) ਦੀ ਮੁਰੰਮਤ ਲਈ ਖਾਸ ਕੇਂਦਰੀ ਫੰਡ ਦਿੱਤਾ ਜਾਵੇ
ਕਿਸਾਨਾਂ ਤੇ ਛੋਟੇ ਵਪਾਰੀਆਂ ਦੇ ਕਰਜ਼ੇ ਲਈ ਖਾਸ ਰਾਹਤ ਦਾ ਐਲਾਨ ਜਾਵੇ
ਹੜ੍ਹਾਂ ਤੋਂ ਬਚਾਅ ਲਈ ਪੰਜਾਬ ਨੂੰ ਖਾਸ Flood Management Package ਦੇ ਕੇ ਦਰਿਆਵਾਂ ਦੇ ਕੰਢੇ ਮਜ਼ਬੂਤ ਕੀਤੇ ਜਾਣ
ਕੇਂਦਰੀ ਸਿਹਤ ਟੀਮਾਂ ਭੇਜ ਕੇ ਹੜ੍ਹ ਬਾਅਦ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਪੱਕੇ ਪ੍ਰਬੰਧ ਕੀਤੇ ਜਾਣ
ਹੜ੍ਹ ਦੇ ਪਾਣੀ ਨਾਲ ਖੇਤਾਂ ਵਿੱਚ ਜਮ੍ਹਾਂ ਹੋਈ ਮਿੱਟੀ ਨੂੰ ਕੱਢਣ ਲਈ ਕਿਸਾਨਾਂ ਨੂੰ ਸੌ ਫ਼ੀਸਦ ਸਬਸਿਡੀ ਤੇ ਡੀਜਲ ਦਿੱਤਾ ਜਾਵੇ
ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਅਸੀਂ ਕੇਂਦਰ ਨੂੰ ਯਾਦ ਦਵਾਉਣਾ ਚਾਹੁੰਦੇ ਹਾਂ ਕਿ ਪੰਜਾਬ ਨੇ ਹਮੇਸ਼ਾ ਦੇਸ਼ ਲਈ ਕੁਰਬਾਨੀਆਂ ਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਇਆ ਹੈ, ਚਾਹੇ ਖੇਤੀਬਾੜੀ ਦੇ ਖੇਤਰ ਵਿੱਚ ਹੋਵੇ ਜਾਂ ਸਰਹੱਦਾਂ ਦੀ ਰੱਖਿਆ ਦਾ ਮਾਮਲਾ ਹੋਵੇ, ਉਸ ਵਿੱਚ ਪੰਜਾਬੀਆਂ ਦੇ ਪਾਏ ਯੋਗਦਾਨ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ ਪਰ ਅੱਜ ਜਦੋਂ ਪੰਜਾਬ ਮੁਸੀਬਤ ਵਿੱਚ ਹੈ ਤਾਂ ਕੇਂਦਰ ਦੀ ਇਹ ਚੁੱਪੀ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਂਦੀ ਹੈ।
ਇਸ ਸੰਕਟ ਵਿੱਚ ਜਿੱਥੇ ਪੰਜਾਬ ਦੇ ਲੋਕ ਤੁਰੰਤ ਮਦਦ ਦੀ ਉਮੀਦ ਕਰ ਰਹੇ ਸਨ, ਉੱਥੇ ਹੀ ਕੇਂਦਰ ਸਰਕਾਰ ਵੱਲੋਂ ਮਿਲ ਰਹੀ ਬੇਰੁਖ਼ੀ ਨੇ ਪੰਜਾਬੀਆਂ ਦੇ ਮਨਾਂ ਵਿੱਚ ਗਹਿਰਾ ਦੁੱਖ ਤੇ ਨਿਰਾਸ਼ਾ ਪੈਦਾ ਕੀਤੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਪੰਜਾਬ ਲਈ ਖਾਸ ਰਾਹਤ ਪੈਕੇਜ ਦਾ ਐਲਾਨ ਕਰੇ, ਨਹੀਂ ਤਾਂ ਪੰਜਾਬ ਦੇ ਲੋਕ ਇਸ ਚੁੱਪੀ ਦੇ ਖਿਲਾਫ਼ ਆਪਣੀ ਆਵਾਜ਼ ਹੋਰ ਤੇਜ਼ੀ ਨਾਲ ਬੁਲੰਦ ਕਰਨਗੇ। ਅਸੀਂ ਸਪਸ਼ਟ ਮੰਗ ਕਰਦੇ ਹਾਂ ਕਿ ਤੁਰੰਤ ਖਾਸ ਰਾਹਤ ਪੈਕੇਜ ਜਾਰੀ ਕੀਤਾ ਜਾਵੇ, ਇਹ ਪੰਜਾਬ ਦਾ ਹੱਕ ਹੈ, ਮੇਹਰਬਾਨੀ ਨਹੀਂ।