ਚੰਡੀਗੜ੍ਹ: ਦਿੱਲੀ ਜਾ ਕੇ ਬੀਜੇਪੀ ਦੀ ਟਿਕਟ 'ਤੇ ਚੋਣ ਲੜ ਰਹੇ ਹੰਸਰਾਜ ਹੰਸ ਸੁਰਖੀਆਂ ਵਿੱਚ ਹਨ। ਹੁਣ ਹੰਸਰਾਜ ਬਾਰੇ ਦਿਲਚਸਪ ਜਾਣਕਾਰੀ ਸਾਹਮਣੇ ਆਈ ਹੈ। ਉੱਤਰ-ਪੱਛਮੀ ਦਿੱਲੀ ਹਲਕੇ ਤੋਂ ਬੀਜੇਪੀ ਉਮੀਦਵਾਰ ਹੰਸਰਾਜ ਨੂੰ 1971 ਦੀ ਜੰਗ ਬਾਰੇ ਕੁਝ ਵੀ ਨਹੀਂ ਪਤਾ। ਇਹ ਖੁਲਾਸਾ ਇੰਟਰਵਿਊ ਦੌਰਾਨ ਹੋਇਆ ਹੈ।

ਪੰਜਾਬ ਜਾ ਆ ਕੇ ਬੀਜੇਪੀ ਲਈ ਚੋਣ ਲੜ ਰਹੇ ਹੰਸਰਾਜ ਨੇ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਦੇ ਪੁਲ ਬੰਨ੍ਹੇ। ਉਨ੍ਹਾਂ ਕਿਹਾ ਕਿ ਪਹਿਲਾਂ ਦੇਸ਼ ਉਪਰ ਦਹਿਸ਼ਤੀ ਹਮਲੇ ਹੁੰਦੇ ਸਨ ਪਰ ਹੁਣ ਮੋਦੀ ਦੇ ਆਉਣ ਮਗਰੋਂ ਅਜਿਹਾ ਨਹੀਂ ਹੋ ਰਿਹਾ। ਜਦੋਂ ਹੰਸ ਤੋਂ ਮੋਦੀ ਸਰਕਾਰ ਵੇਲੇ ਪੁਲਵਾਮਾ ਵਿੱਚ ਹਮਲਾ ਹੋਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੀ ਫ਼ੌਜ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਹੈ, ਪਹਿਲਾਂ ਅਜਿਹਾ ਨਹੀਂ ਸੀ ਹੁੰਦਾ।

ਇਸ ਇੰਟਰਵਿਊ ਦੌਰਾਨ ਜਦੋਂ ਹੰਸ ਨੂੰ ਪਾਕਿਸਤਾਨ ਦੇ ਟੁਕੜੇ ਕਰਕੇ ਵੱਖਰਾ ਬੰਗਲਾ ਦੇਸ਼ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ ਤੇ ਤਤਕਾਲੀ ਸੱਤਾਧਾਰੀਆਂ ਵੱਲੋਂ ਸਿਹਰਾ ਸਿਰ ਬੰਨ੍ਹਣ ਬਾਰੇ ਦੱਸਿਆ ਗਿਆ ਤਾਂ ਹੰਸਰਾਜ ਦਾ ਜਵਾਬ ਸੀ, ‘ਮੈਨੂੰ ਨਹੀਂ ਪਤਾ ਟੁਕੜੇ ਹੋ ਗਏ ਸਨ। ਮੈਂ ਤਾਂ ਉਦੋਂ ਬੇਹੱਦ ਛੋਟਾ ਸੀ। ਮੈਨੂੰ ਇਸ ਬਾਰੇ ਜ਼ਿਆਦਾ ਨਹੀਂ ਪਤਾ।’

ਤਿਲਕ ਨਗਰ ਤੋਂ ‘ਆਪ’ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਹੰਸ ਨੂੰ ਆਪਣੇ ਗੁਆਂਢੀ ਮੁਲਕਾਂ ਬਾਰੇ ਮੁੱਢਲੀ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਹੰਸ ਨੂੰ ਤਾਂ ਇੰਜ ਦਿੱਲੀ ਦੇ ਇਸ ਹਲਕੇ ਬਾਰੇ ਵੀ ਜਾਣਕਾਰੀ ਘੱਟ ਹੋਵੇਗੀ। ਦੂਜੇ ਪਾਸੇ, ਸੋਸ਼ਲ ਮੀਡੀਆ ਉਪਰ ਵੀ ਹੰਸਰਾਜ ਹੰਸ ਬਾਰੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।