ਹੁਣ ਸਫਾਈ ਕਰਮਚਾਰੀਆਂ ਲਈ ਗਾਉਣਗੇ ਹੰਸ ਰਾਜ ਹੰਸ
ਏਬੀਪੀ ਸਾਂਝਾ | 03 Oct 2018 04:32 PM (IST)
ਚੰਡੀਗੜ੍ਹ: ਨੈਸ਼ਨਲ ਸਫਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਤੇ ਗਾਇਕ ਹੰਸਰਾਜ ਹੰਸ ਸਫ਼ਾਈ ਕਰਮਚਾਰੀਆਂ ਦੇ ਹੱਕਾਂ ਲਈ ਮੈਦਾਨ ਵਿੱਚ ਨਿੱਤਰ ਆਏ ਹਨ। ਉਨ੍ਹਾਂ ਦੱਸਿਆ ਕਿ ਸਫਾਈ ਕਰਮਚਾਰੀਆਂ ਨੂੰ ਸਫਾਈ ਸੈਨਿਕ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜੋ ਸਫ਼ਾਈ ਸੈਨਿਕ ਗਟਰ ਵਿੱਚ ਮਰਿਆ ਹੈ, ਉਹ ਹੰਸ ਰਾਜ ਦੀਆਂ ਨਜ਼ਰਾਂ ਵਿੱਚ ਮੁਲਕ ਦਾ ਸ਼ਹੀਦ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਉਹ ਕੈਪਟਨ ਸਰਕਾਰ ਕੋਲ ਸਫ਼ਾਈ ਕਮਿਸ਼ਨ ਦਾ ਗਠਨ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਨੂੰ ਸਵੱਸ਼ ਕਰਨ ਵਾਲੇ ਕਰਮਚਾਰੀਆਂ ਦੀ ਜ਼ਿੰਦਗੀ ਗੈਰ ਇਨਸਾਨੀ ਹੈ। ਸਫਾਈ ਕਰਮਚਾਰੀ ਸੀਵਰੇਜ ਵਿੱਚ ਮਰ ਰਹੇ ਹਨ, ਇਹ ਕੋਈ ਆਜ਼ਾਦੀ ਨਹੀਂ। ਉਨ੍ਹਾਂ ਅਫ਼ਸੋਸ ਜਤਾਇਆ ਕਿ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਵੀ ਕਰਮਚਾਰੀਆਂ ਨੂੰ ਸੀਵਰੇਜ ਭੇਜਿਆ ਜਾਂਦਾ ਹੈ ਜਿੱਥੇ ਉਨ੍ਹਾਂ ਦੀ ਜਾਨ ਖ਼ਤਰਿਆਂ ਵਿੱਚ ਘਿਰ ਜਾਂਦੀ ਹੈ। ਹੰਸ ਰਾਜ ਹੰਸ ਨੇ ਕਿਹਾ ਕਿ ਅਫਸਰਾਂ ਨੂੰ ਕੰਮ ਕਰਨ ਲਈ ਪਹਿਲਾਂ ਪਿਆਰ ਨਾਲ ਸਮਝਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਉਹ ਸਫਾਈ ਕਰਮਚਾਰੀਆਂ ਵਾਸਤੇ ਗੀਤ ਵੀ ਗਾਉਣਗੇ।