Dengue - ਡੇਂਗੂ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਹਰਿਆਣਾ 'ਚ ਬੀਤੇ ਸ਼ੁੱਕਰਵਾਰ ਨੂੰ ਡੇਂਗੂ ਨਾਲ ਦੋ ਔਰਤਾਂ ਦੀ ਮੌਤ ਹੋ ਗਈ। ਜੀਂਦ ਦੇ ਪਿੰਡ ਮੋਰਖੀ ਦੀ ਰਹਿਣ ਵਾਲੀ 52 ਸਾਲਾ ਔਰਤ ਦੀ ਰੋਹਤਕ ਪੀਜੀਆਈ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਜੀਂਦ ਜ਼ਿਲ੍ਹੇ ਵਿੱਚ ਡੇਂਗੂ ਕਾਰਨ ਇਹ ਦੂਜੀ ਮੌਤ ਹੈ। ਮਹਿਲਾ ਦੇ ਪਰਿਵਾਰ ਦੇ ਪੰਜ ਮੈਂਬਰ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹਨ। ਇਸ ਤੋਂ ਇਲਾਵਾ ਪੰਚਕੂਲਾ ਦੇ ਸੈਕਟਰ-18 ਦੀ ਰਹਿਣ ਵਾਲੀ 30 ਸਾਲਾ ਔਰਤ ਦੀ ਜਾਨ ਚਲੀ ਗਈ।
ਔਰਤ ਨੂੰ ਦੋ ਦਿਨ ਪਹਿਲਾਂ ਸੈਕਟਰ 6 ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਮਲਟੀਪਲ ਆਰਗਨ ਡਿਸਫੰਕਸ਼ਨ ਸਿੰਡਰੋਮ ਕਰਕੇ ਔਰਤ ਦੀ ਮੌਤ ਹੋ ਗਈ। ਔਰਤ ਮੂਲ ਰੂਪ ਤੋਂ ਮੇਰਠ ਦੀ ਰਹਿਣ ਵਾਲੀ ਸੀ। ਸੂਬੇ 'ਚ ਡੇਂਗੂ ਨਾਲ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਡੇਂਗੂ ਵਿਰੋਧੀ ਮੁਹਿੰਮ 'ਹਰ ਸ਼ੁਕਰਵਾਰ, ਡੇਂਗੂ 'ਤੇ ਵਾਰ' ਦੇ ਹਿੱਸੇ ਵਜੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਲਗਾਤਾਰ ਤੀਸਰੇ ਸ਼ੁਕਰਵਾਰ ਸੈਕਟਰ 39 ਸਥਿਤ ਆਪਣੇ ਕੈਬਨਿਟ ਸਾਥੀਆਂ ਦੀਆਂ ਰਿਹਾਇਸ਼ਾਂ, ਸਰਕਟ ਹਾਊਸ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪਾਰਟੀ ਦਫ਼ਤਰ ਦਾ ਜ਼ਮੀਨੀ ਪੱਧਰ 'ਤੇ ਨਿਰੀਖਣ ਕੀਤਾ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਪੰਜ ਕੈਬਨਿਟ ਮੰਤਰੀਆਂ ਦੇ ਸਰਕਾਰੀ ਦਫ਼ਤਰਾਂ ਵਿੱਚ ਜਾਂਚ ਦੌਰਾਨ ਡੇਂਗੂ ਦਾ ਲਾਰਵਾ ਮਿਲਿਆ ਹੈ। ਸੂਬੇ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਖੁਦ ਮੰਤਰੀਆਂ ਅਤੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਸਮੇਤ 12 ਥਾਵਾਂ ਦਾ ਨਿਰੀਖਣ ਕੀਤਾ ਸੀ। ਸੱਤ ਵਿੱਚੋਂ ਪੰਜ ਕੈਬਨਿਟ ਮੰਤਰੀਆਂ ਵਿੱਚ ਲਾਰਵਾ ਪਾਇਆ ਗਿਆ। ਇਸ ਦੌਰਾਨ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਦੀ ਸਰਕਾਰੀ ਰਿਹਾਇਸ਼, ਸਰਕਟ ਹਾਊਸ ਅਤੇ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਵੀ ਨਿਰੀਖਣ ਕੀਤਾ।
ਸਿਹਤ ਮੰਤਰੀ ਨੇ ਮੱਛਰਾਂ ਦੇ ਲਾਰਵੇ ਦੇ ਹੌਟਸਪੌਟਸ ਦਾ ਨਿਰੀਖਣ ਕੀਤਾ। ਟੀਮ ਨੇ ਕੂਲਰਾਂ, ਫੁੱਲਾਂ ਦੇ ਬਰਤਨਾਂ ਵਿੱਚ ਰੱਖੀਆਂ ਟਰੇਆਂ, ਪੰਛੀਆਂ ਲਈ ਪਾਣੀ ਨਾਲ ਭਰੇ ਗਮਲਿਆਂ ਅਤੇ ਖੁੱਲ੍ਹੇ ਵਿੱਚ ਪਏ ਗਮਲਿਆਂ ਦੀ ਜਾਂਚ ਕੀਤੀ। ਮੰਤਰੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਾਨੂੰ ਲਗਭਗ ਹਰ ਥਾਂ ਡੇਂਗੂ ਦਾ ਲਾਰਵਾ ਮਿਲਿਆ ਹੈ, ਜੋ ਕਿ ਬਹੁਤ ਚਿੰਤਾਜਨਕ ਹੈ।ਕਿਉਂਕਿ ਡੇਂਗੂ ਇੱਕ ਘਾਤਕ ਬਿਮਾਰੀ ਹੈ ਅਤੇ ਇਸ ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਈਏ। ਉਨ੍ਹਾਂ ਨੇ ਲੋਕਾਂ ਨੂੰ ਡੇਂਗੂ ਦੇ ਲਾਰਵੇ ਜਿਸ ਨੂੰ ਮੱਛਰ ਬਣਨ ਵਿੱਚ ਇੱਕ ਹਫ਼ਤਾ ਲੱਗ ਜਾਂਦਾ ਹੈ, ਦੇ ਪ੍ਰਜਨਨ ਨੂੰ ਰੋਕਣ ਲਈ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਖੜ੍ਹੇ ਪਾਣੀ ਦੀ ਨਿਕਾਸੀ/ਫਲੱਸ਼ਿੰਗ ਕਰਨ ਲਈ ਪ੍ਰੇਰਿਤ ਕੀਤਾ।