Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਪੰਜਾਬ ਸਰਕਾਰ ਨਸ਼ਾ ਤਸਕਰੀ ਦੇ ਕੇਸ ਦੀ ਜਲਦ ਤੋਂ ਜਲਦ ਜਾਂਚ ਮੁਕੰਮਲ ਕਰਨ ਦੇ ਰੌਂਅ ਵਿੱਚ ਹੈ। ਇਹ ਬਹੁਕਰੋੜ ਡਰੱਗ ਕੇਸ ਵਿੱਚ ਮਜੀਠੀਆ ਦਾ ਨਾਂ ਵੀ ਆਇਆ ਸੀ। ਅਹਿਮ ਗੱਲ ਹੈ ਕਿ ਇਸ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦਾ ਮੁਖੀ ਪਟਿਆਲਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੂੰ ਲਾਇਆ ਹੈ। 



ਦੱਸ ਦਈਏ ਕਿ ਮੁਖਵਿੰਦਰ ਸਿੰਘ ਛੀਨਾ ਉਹ ਅਫਸਰ ਹਨ ਜੋ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੇ ਨਿਸ਼ਾਨੇ 'ਤੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਮੁਖਵਿੰਦਰ ਸਿੰਘ ਛੀਨਾ ਬਠਿੰਡਾ ਜ਼ੋਨ ਦੇ ਆਈਜੀ ਵਜੋਂ ਤਾਇਨਾਤ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੇ ਤਲਵੰਡੀ ਸਾਬੋ ਵਿੱਚ 2018 ਦੀ ਵਿਸਾਖੀ ਕਾਨਫ਼ਰੰਸ ਮੌਕੇ ਛੀਨਾ ਨੂੰ ਸਿੱਧਾ ਨਿਸ਼ਾਨੇ ’ਤੇ ਲਿਆ ਸੀ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਬਠਿੰਡਾ ਰਿਫ਼ਾਈਨਰੀ ਦਾ ਗੁੰਡਾ ਟੈਕਸ ਦਾ ਰੌਲਾ ਪਿਆ ਸੀ। ਸੁਖਬੀਰ ਬਾਦਲ ਨੇ ਉਸ ਵੇਲੇ ਲਾਲ ਡਾਇਰੀ ਦਾ ਜ਼ਿਕਰ ਕਰਦਿਆਂ ਛੀਨਾ ’ਤੇ ਨਿਸ਼ਾਨੇ ਸੇਧੇ ਸਨ।


ਦਰਅਸਲ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਚੰਨੀ ਸਰਕਾਰ ਸਮੇਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਮੁਹਾਲੀ ਦੇ ਸਟੇਟ ਕ੍ਰਾਈਮ ਥਾਣੇ ਵਿੱਚ 20 ਦਸੰਬਰ 2021 ਨੂੰ ਐਫ਼ਆਈਆਰ ਨੰਬਰ-2 ਦਰਜ ਕੀਤੀ ਗਈ ਸੀ ਜਿਸ ਵਿੱਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਦਾ ਨਾਮ ਸ਼ਾਮਲ ਸੀ। ਇਸ ਕੇਸ ਵਿੱਚ ਮਜੀਠੀਆ ਕਰੀਬ ਛੇ ਮਹੀਨੇ ਜੇਲ੍ਹ ’ਚ ਰਹੇ ਤੇ ਸੁਪਰੀਮ ਕੋਰਟ ਤੋਂ ਉਨ੍ਹਾਂ ਨੂੰ ਜ਼ਮਾਨਤ ਮਿਲੀ ਸੀ। ਪੰਜਾਬ ਸਰਕਾਰ ਹੁਣ ਨਸ਼ਿਆਂ ਦੇ ਮਾਮਲੇ ’ਤੇ ਵਿਸ਼ੇਸ਼ ਧਿਆਨ ਦੇਣ ਲੱਗੀ ਹੈ। ਪਿਛਲੇ ਦਿਨਾਂ ਵਿੱਚ ਜਲੰਧਰ ਜ਼ਿਮਨੀ ਚੋਣ ਸਮੇਂ ਮਜੀਠੀਆ ਵੱਲੋਂ ਸਰਕਾਰ ਨੂੰ ਲਗਾਤਾਰ ਨਿਸ਼ਾਨੇ ’ਤੇ ਰੱਖਿਆ ਗਿਆ ਸੀ।



ਇਸ ਲਈ ਪੰਜਾਬ ਪੁਲਿਸ ਨੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਖ਼ਿਲਾਫ਼ ਦਰਜ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਨੂੰ ਬਦਲ ਦਿੱਤਾ ਹੈ ਤੇ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਮੁੜ ਗਠਨ ਕੀਤਾ ਹੈ। ਡੀਜੀਪੀ ਗੌਰਵ ਯਾਦਵ ਦੀ ਪ੍ਰਵਾਨਗੀ ਨਾਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਹੁਣ ਪਟਿਆਲਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਕਰਨਗੇ। ਪਹਿਲਾਂ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਰਾਹੁਲ ਐਸ ਸਨ ਜੋ ਵਿਜੀਲੈਂਸ ਦੇ ਡਾਇਰੈਕਟਰ ਵੀ ਹਨ।



ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਰਾਹੁਲ ਐਸ ਕਾਫ਼ੀ ਵਿਜੀਲੈਂਸ ਕੇਸਾਂ ਦੀ ਦੇਖਰੇਖ ਕਰ ਰਹੇ ਹਨ, ਇਸ ਕਰ ਕੇ ਪ੍ਰਸ਼ਾਸਕੀ ਆਧਾਰ ’ਤੇ ਮਜੀਠੀਆ ਮਾਮਲੇ ਦੀ ਜਾਂਚ ਕਰ ਰਹੀ ਸਿਟ ਦਾ ਨਵਾਂ ਮੁਖੀ ਮੁਖਵਿੰਦਰ ਸਿੰਘ ਛੀਨਾ ਨੂੰ ਲਗਾਇਆ ਗਿਆ ਹੈ। ਬਾਕੀ ਮੈਂਬਰਾਂ ਵਜੋਂ ਏਆਈਜੀ ਰਣਜੀਤ ਸਿੰਘ ਢਿੱਲੋਂ, ਡੀਐਸਪੀ (ਐਸਟੀਐਫ ਰੋਪੜ) ਰਘਬੀਰ ਸਿੰਘ ਤੇ ਡੀਐਸਪੀ ਖਰੜ-2 ਅਮਰਪ੍ਰੀਤ ਸਿੰਘ ਪਹਿਲਾਂ ਦੀ ਤਰ੍ਹਾਂ ਸਿਟ ਵਿੱਚ ਕਾਇਮ ਰਹਿਣਗੇ।