ਤਰਨ ਤਾਰਨ: ਬੀਤੇ ਦਿਨ ਪੁਲਿਸ ਨੇ ਟਾਂਡਾ ਤੇ ਤਰਨ ਤਾਰਨ ਨਾਲ ਸਬੰਧ ਰੱਖਣ ਵਾਲੇ ਚਾਰ ਖ਼ਾਲਿਸਤਾਨ ਸਮਰਥਕਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਤਾਰ ਟਾਂਡਾ ਦੇ ਡੇਰੇ ਚਰਨਕਮਲ ਛੇਵੀਂ ਪਾਤਸ਼ਾਹੀ ਨਾਲ ਜੋੜੇ ਹਨ। ਡੇਰੇ ਵਿੱਚ ਮੁੱਖ ਸੇਵਾਦਾਰ ਬਲਵੰਤ ਸਿੰਘ ਨਿਹੰਗ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਵਿੱਚ ਟਾਂਡਾ ਦੇ ਮਿਆਨੀ ਨਾਲ ਸਬੰਧਤ ਹਰਭਜਨ ਸਿੰਘ ਨੂੰ ਹਥਿਆਰਾਂ ਸਮੇਤ ਉਸ ਦੇ ਘਰੋਂ ਕਾਬੂ ਕੀਤਾ ਗਿਆ।
ਹਰਭਜਨ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਉਸ ਦੀ ਪਤਨੀ ਕੁਲਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਪਤਨੀ ਮੁਤਾਬਕ ਉਸ ਦਾ ਪਤੀ ਹਰਭਜਨ ਸਿੰਘ ਡੇਰੇ ਵਿੱਚ ਜਾਂਦਾ ਸੀ ਤੇ ਉੱਥੋਂ ਹੀ ਉਹ ਡੇਰਾ ਮੁਖੀ ਬਲਵੰਤ ਸਿੰਘ ਦੇ ਸੰਪਰਕ ਵਿੱਚ ਆਇਆ। ਫਿਰ ਉਨ੍ਹਾਂ ਦੇ ਘਰ ਵੀ ਆਉਣਾ-ਜਾਣਾ ਹੋ ਗਿਆ।
ਪਤਨੀ ਮੁਤਾਬਕ ਬਲਵੰਤ ਸਿੰਘ ਨੇ ਹਰਭਜਨ ਨੂੰ ਪੰਜ ਪਿਆਰਿਆਂ ਨੂੰ ਖਾਣਾ ਖਵਾਉਣ ਲਈ ਕਿਹਾ ਸੀ। ਪਤਨੀ ਨੇ ਦੱਸਿਆ ਕਿ ਤਿੰਨ-ਚਾਰ ਦਿਨ ਪਹਿਲਾਂ ਹੀ ਉਨ੍ਹਾਂ ਨੇ ਡੇਰਾ ਮੁਖੀ ਬਲਵੰਤ ਸਿੰਘ ਤੇ ਪੰਜ ਪਿਆਰਿਆਂ ਨੂੰ ਖਾਣੇ ਲਈ ਘਰ ਬੁਲਾਇਆ ਸੀ। ਉਸ ਮਗਰੋਂ ਪੁਲਿਸ ਨੇ ਬਲਵੰਤ ਸਿੰਘ ਨਾਲ ਛਾਪੇਮਾਰੀ ਕੀਤੀ ਤੇ ਉਸ ਦੇ ਪਤੀ ਨੂੰ ਇੱਕ ਬੈਗ ਨਾਲ ਗ੍ਰਿਫ਼ਤਾਰ ਕਰ ਲਿਆ।
ਹਰਭਜਨ ਸਿੰਘ ਦਾ ਗੁਆਂਢੀ ਗੁਲਸ਼ਨ ਭਗਤ ਜ਼ਿਲ੍ਹਾ ਕੌਂਸਲਰ ਹੈ, ਉਸ ਨੇ ਵੀ ਕਿਹਾ ਕਿ ਉਹ ਹਰਭਜਨ ਨੂੰ ਪਿਛਲੇ 10 ਸਾਲਾਂ ਤੋਂ ਜਾਣਦਾ ਹੈ ਤੇ ਉਸ ਦਾ ਵਿਹਾਰ ਬਿਲਕੁਲ ਚੰਗਾ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਘਰ ਨਿਹੰਗਾਂ ਦਾ ਆਉਣਾ-ਜਾਣਾ ਸੀ। ਉਸ ਨੇ ਦੱਸਿਆ ਕਿ ਉਸ ਨੇ ਬਲਵੰਤ ਨੂੰ ਇੱਕ ਬੈਗ ਲੈ ਕੇ ਹਰਭਜਨ ਦੇ ਘਰ ਆਉਂਦਿਆਂ ਵੇਖਿਆ ਸੀ। ਉਸ ਨੇ ਦਾਅਵਾ ਕੀਤਾ ਕਿ ਪੁਲਿਸ ਹਰਭਜਨ ਨੂੰ ਫਸਾ ਰਹੀ ਹੈ।