ਚੰਡੀਗੜ੍ਹ: ਕ੍ਰਿਕਟਰ ਹਰਭਜਨ ਸਿੰਘ ਭਾਜਪਾ 'ਚ ਸ਼ਾਮਲ ਨਹੀਂ ਹੋ ਰਹੇ ਹਨ। ਸੋਸ਼ਲ ਮੀਡੀਆ 'ਤੇ ਹਰਭਜਨ ਸਿੰਘ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ, ਜਿਸ ਨੂੰ ਹਰਭਜਨ ਸਿੰਘ ਨੇ ਫੇਕ ਨਿਊਜ਼ ਕਰਾਰ ਦਿੱਤਾ ਹੈ। ਹਰਭਜਨ ਦੇ ਨਾਲ-ਨਾਲ ਕ੍ਰਿਕਟਰ ਯੁਵਰਾਜ ਸਿੰਘ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਵੀ ਚਰਚਾ ਹੈ। ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।


ਹਰਭਜਨ ਸਿੰਘ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਹੈ। ਸਾਲ 2017 ਵਿੱਚ ਵੀ ਹਰਭਜਨ ਸਿੰਘ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਅਤੇ ਜਲੰਧਰ ਤੋਂ ਚੋਣ ਲੜਨ ਦੀ ਚਰਚਾ ਸੀ। ਹਾਲਾਂਕਿ, ਅਜਿਹਾ ਕੁਝ ਨਹੀਂ ਹੋਇਆ। ਹਰਭਜਨ ਨੇ ਕਦੇ ਵੀ ਸਿਆਸੀ ਪਾਰੀ ਤੋਂ ਇਨਕਾਰ ਨਹੀਂ ਕੀਤਾ। ਅਜਿਹੇ 'ਚ ਅਕਸਰ ਹੀ ਉਨ੍ਹਾਂ ਦੇ ਸਿਆਸੀ ਦਲਾਂ 'ਚ ਸ਼ਾਮਲ ਹੋ ਕੇ ਚੋਣ ਲੜਨ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ।


ਪਹਿਲੀ ਵਾਰ ਭਾਜਪਾ ਪੰਜਾਬ ਵਿੱਚ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜ ਰਹੀ ਹੈ। ਦੂਜੇ ਪਾਸੇ ਕਿਸਾਨ ਅੰਦੋਲਨ ਕਾਰਨ ਸਿੱਖਾਂ ਦੇ ਸਾਹਮਣੇ ਭਾਜਪਾ ਦਾ ਅਕਸ ਖਰਾਬ ਹੋਇਆ ਹੈ, ਜਿਸ ਨੂੰ ਸੁਧਾਰਨ ਲਈ ਭਾਜਪਾ ਲਗਾਤਾਰ ਵੱਡੇ ਸਿੱਖ ਚਿਹਰਿਆਂ 'ਤੇ ਦਾਅ ਖੇਡ ਰਹੀ ਹੈ। ਖੁਦ ਭਾਜਪਾ ਆਗੂ ਵੀ ਕਹਿ ਰਹੇ ਹਨ ਕਿ ਪੰਜਾਬ ਦੇ ਦਿੱਗਜ ਸਿੱਖ ਚਿਹਰੇ ਉਨ੍ਹਾਂ ਦੇ ਸੰਪਰਕ ਵਿੱਚ ਹਨ। ਜੋ ਜਲਦੀ ਹੀ ਪਾਰਟੀ ਵਿੱਚ ਸ਼ਾਮਲ ਹੋਣਗੇ। ਕਿਸਾਨ ਅੰਦੋਲਨ ਦੌਰਾਨ ਭਾਜਪਾ ਨੇ ਕਈ ਸਿੱਖ ਚਿਹਰਿਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ।