ਚੰਡੀਗੜ੍ਹ: ਕ੍ਰਿਕਟਰ ਹਰਭਜਨ ਸਿੰਘ ਨੇ ਬੀਤੇ ਦਿਨੀਂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਇੱਕ ਵਾਰ ਫਿਰ ਇਹ ਚਰਚਾ ਵੀ ਸ਼ੁਰੂ ਹੋ ਗਈ ਹੈ ਕਿ ਕੀ ਹਰਭਜਨ ਸਿੰਘ ਸਿਆਸਤ 'ਚ ਕਦਮ ਰੱਖਣ ਜਾ ਰਹੇ ਹਨ? ਕੁਝ ਦਿਨ ਪਹਿਲਾਂ ਹਰਭਜਨ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਵੀ ਮੁਲਾਕਾਤ ਕੀਤੀ ਸੀ।

ਹੁਣ ਮੀਡੀਆ ਵਾਲਿਆਂ ਨੇ ਭੱਜੀ ਨੂੰ ਇਸ ਸਬੰਧ 'ਚ ਪੁੱਛਿਆ ਤਾਂ ਉਨ੍ਹਾਂ ਕਿਹਾ, "ਮੈਂ ਅਜੇ ਇਸ ਬਾਰੇ ਕੁਝ ਨਹੀਂ ਸੋਚਿਆ। ਮੈਨੂੰ ਵੱਖ-ਵੱਖ ਪਾਰਟੀਆਂ ਵੱਲੋਂ ਆਫ਼ਰ ਮਿਲੇ ਹਨ। ਮੈਂ ਨਵਜੋਤ ਸਿੰਘ ਸਿੱਧੂ ਨੂੰ ਇੱਕ ਕ੍ਰਿਕਟਰ ਵਜੋਂ ਮਿਲਿਆ ਸੀ।" ਇਸ ਲਈ ਤੈਅ ਹੈ ਕਿ ਭੱਜੀ ਅਜੇ ਕਾਂਗਰਸ ਵਿੱਚ ਸ਼ਾਮਲ ਨਹੀਂ ਹੋ ਰਹੇ।

ਹਰਭਜਨ ਨੇ ਕਿਹਾ ਕਿ ਉਹ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਜਾਣਦੇ ਹਨ। ਜੇਕਰ ਉਹ ਸਿਆਸਤ 'ਚ ਆਉਣਗੇ ਤਾਂ ਮੀਡੀਆ ਨੂੰ ਜ਼ਰੂਰ ਦੱਸਣਗੇ। ਸਿਆਸਤ ਹੋਵੇ ਜਾਂ ਕੋਈ ਹੋਰ, ਉਨ੍ਹਾਂ ਦਾ ਮਨੋਰਥ ਪੰਜਾਬ ਦੀ ਸੇਵਾ ਕਰਨਾ ਹੈ। ਉਹ ਅਜੇ ਕਿਸੇ ਫ਼ੈਸਲੇ 'ਤੇ ਨਹੀਂ ਪਹੁੰਚੇ। ਹਰਭਜਨ ਦੀ ਬਿਆਨਬਾਜ਼ੀ ਤੋਂ ਤੈਅ ਹੈ ਕਿ ਉਹ ਸਿਆਸਤ ਵਿੱਚ ਆਉਣਗੇ ਪਰ ਕਿਸ ਪਾਰਟੀ ਵਿੱਚ ਜਾਣਗੇ, ਇਹ ਅਜੇ ਸਪਸ਼ਟ ਨਹੀਂ ਹੈ।

ਦੱਸ ਦਈਏ ਕਿ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਹੀ ਹਰਭਜਨ ਸਿੰਘ ਦੇ ਸਿਆਸਤ 'ਚ ਆਉਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਪਰ ਬਾਅਦ 'ਚ ਭੱਜੀ ਨੇ ਖੁਦ ਹੀ ਇਸ 'ਤੇ ਵਿਰਾਮ ਲਗਾ ਦਿੱਤਾ। ਹੁਣ ਭੱਜੀ ਦੇ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਨ੍ਹਾਂ ਚਰਚਾਵਾਂ ਨੇ ਜਨਮ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿਆਸਤ 'ਚ ਐਂਟਰੀ ਨੂੰ ਲੈ ਕੇ ਭੱਜੀ ਦੀ ਭਾਜਪਾ, ਕਾਂਗਰਸ ਤੇ ਹੋਰ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ, ਪਰ ਉਹ ਫਿਲਹਾਲ ਪੱਤਾ ਨਹੀਂ ਖੋਲ੍ਹਣਾ ਚਾਹੁੰਦੇ।

ਸੂਤਰਾਂ ਮੁਤਾਬਕ ਭੱਜੀ 6 ਮਹੀਨਿਆਂ ਤੋਂ ਭਾਜਪਾ ਦੇ ਸੰਪਰਕ 'ਚ ਹਨ। ਉਹ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਮਿਲ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ 'ਆਪ' ਦੇ ਕੁਝ ਆਗੂ ਵੀ ਭੱਜੀ ਦੇ ਸੰਪਰਕ 'ਚ ਹਨ ਪਰ ਭੱਜੀ ਅਜੇ ਤਕ ਕੋਈ ਫ਼ੈਸਲਾ ਨਹੀਂ ਕਰ ਸਕੇ। ਭੱਜੀ ਨੇ ਜਿਸ ਤਰ੍ਹਾਂ ਕਿਹਾ ਕਿ ਉਹ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸਿਆਸਤ 'ਚ ਕਦਮ ਰੱਖ ਕੇ ਅਜਿਹਾ ਕਰਨਾ ਚਾਹੁੰਦੇ ਹਨ।

ਭੱਜੀ ਨੇ ਅਜਿਹੇ ਸਮੇਂ ਕ੍ਰਿਕਟ ਤੋਂ ਸੰਨਿਆਸ ਲਿਆ ਹੈ, ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਹਨ। ਅਜਿਹੇ 'ਚ ਉਨ੍ਹਾਂ ਦੇ ਰਾਜਨੀਤੀ 'ਚ ਆਉਣ ਦੀਆਂ ਚਰਚਾਵਾਂ ਕਿਤੇ ਨਾ ਕਿਤੇ ਜ਼ੋਰਾਂ 'ਤੇ ਹਨ। ਇਹ ਉਨ੍ਹਾਂ ਲਈ ਆਪਣੇ ਕ੍ਰਿਕਟ ਕਰੀਅਰ ਨੂੰ ਬ੍ਰੇਕ ਦੇ ਕੇ ਸਿਆਸੀ ਪਾਰੀ ਸ਼ੁਰੂ ਕਰਨ ਦਾ ਵਧੀਆ ਮੌਕਾ ਸਾਬਤ ਹੋ ਸਕਦਾ ਹੈ। ਉਹ ਕਿਸ ਪਾਰਟੀ 'ਚ ਜਾਣਗੇ, ਇਹ ਹਾਲੇ ਭਵਿੱਖ ਦੀ ਕੁੱਖ 'ਚ ਲੁਕਿਆ ਹੋਇਆ ਹੈ।

ਦੱਸ ਦੇਈਏ ਕਿ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਭੱਜੀ ਦੀ ਮੁਲਾਕਾਤ ਦੀ ਚਰਚਾ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਭੱਜੀ ਨਾਲ ਟਵਿਟਰ 'ਤੇ ਇੱਕ ਫ਼ੋਟੋ ਸ਼ੇਅਰ ਕੀਤੀ ਹੈ। ਇਸ ਤੋਂ ਬਾਅਦ ਚਰਚਾ ਤੇਜ਼ ਹੋ ਗਈ। ਸਿੱਧੂ ਨੇ ਇਸ ਫ਼ੋਟੋ ਨਾਲ ਟਿੱਪਣੀ ਕੀਤੀ ਸੀ ਕਿ ਇਹ ਇਕ ਸੰਭਾਵੀ ਫ਼ੋਟੋ ਹੈ। ਇਸ ਤੋਂ ਸੰਕੇਤ ਮਿਲਦੇ ਹਨ ਕਿ ਭੱਜੀ ਕਾਂਗਰਸ ਦੇ ਵੀ ਨੇੜੇ ਹਨ ਤੇ ਭਾਜਪਾ ਦੇ ਵੀ।


ਇਹ ਵੀ ਪੜ੍ਹੋ : Corona Vaccination: ਓਮੀਕ੍ਰੋਨ ਦੇ ਖਤਰੇ ਨੂੰ ਵੇਖਦਿਆਂ PM ਮੋਦੀ ਨੇ ਕੀਤੇ ਵੱਡੇ ਐਲਾਨ



 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin



 


https://apps.apple.com/in/app/abp-live-news/id811114904