ਕ੍ਰਿਕਟਰ ਹਰਭਜਨ ਸਿੰਘ ਦੀ ਕੋਠੀ ਨੂੰ ਕਿਸੇ ਨੇ ਜੜਿਆ ਤਾਲਾ, ਚੰਡੀਗੜ੍ਹ ਤੋਂ ਜਲੰਧਰ ਤੱਕ ਭਾਜੜਾਂ
ਏਬੀਪੀ ਸਾਂਝਾ | 19 Oct 2018 12:36 PM (IST)
ਚੰਡੀਗੜ੍ਹ: ਕ੍ਰਿਕਟ ਖਿਡਾਰੀ ਹਰਭਜਨ ਸਿੰਘ ਦੀ ਚੰਡੀਗੜ੍ਹ ਦੇ ਸੈਕਟਰ ਨੌਂ ਸਥਿਤ ਕੋਠੀ ਵਿੱਚ ਲੱਗੇ ਦੋ ਤਾਲਿਆਂ ਨੇ ਭੜਥੂ ਪਾਈ ਰੱਖਿਆ। ਕੋਠੀ ਦੀ ਦੇਖ-ਰੇਖ ਕਰਨ ਲਈ ਰੱਖੇ ਮਾਲੀ ਨੇ ਹਰਭਜਨ ਸਿੰਘ ਨੂੰ ਇਤਲਾਹ ਦਿੱਤੀ ਕਿ ਕੋਠੀ ਵਿੱਚ ਦੋ ਤਾਲੇ ਲੱਗੇ ਹੋਏ ਹਨ। ਇਸ ਜਾਣਕਾਰੀ ਤੋਂ ਬਾਅਦ ਹਰਭਜਨ ਸਿੰਘ ਦੇ ਰਿਸ਼ਤੇਦਾਰ ਪਟਿਆਲੇ ਤੋਂ ਚੰਡੀਗੜ੍ਹ ਪਹੁੰਚੇ। ਉਨ੍ਹਾਂ ਚੰਡੀਗੜ੍ਹ ਪੁਲਿਸ ਨੂੰ ਕਿਸੇ ਅਣਜਾਣ ਵੱਲੋਂ ਕੋਠੀ 'ਤੇ ਤਾਲਾ ਲਾਉਣ ਦੀ ਸ਼ਿਕਾਇਤ ਕੀਤੀ। ਸ਼ਿਕਾਇਤ ਲੈਣ ਪਿੱਛੋਂ ਚੰਡੀਗੜ੍ਹ ਪੁਲਿਸ ਨੇ ਤਾਲਾ ਖੋਲ੍ਹ ਦਿੱਤਾ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਹਾਲਾਂਕਿ ਜਾਣਕਾਰੀ ਮੁਤਾਬਕ ਕੋਠੀ ਦੇ ਕਬਜ਼ੇ ਵਾਲੀ ਗੱਲ ਹਾਲੇ ਤੱਕ ਸਾਹਮਣੇ ਨਹੀਂ। ਪੁਲਿਸ ਮੁਤਾਬਕ ਨੇੜਲੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੋਲ੍ਹੇ ਜਾ ਰਹੇ ਹਨ। ਹਾਸਲ ਜਾਣਕਾਰੀ ਮੁਤਾਬਕ ਹਰਭਜਨ ਸਿੰਘ ਹਰ ਸਾਲ ਦਿਨ-ਤਿਉਹਾਰ ਵਾਲੇ ਦਿਨਾਂ ਵਿੱਚ ਇਸ ਬੰਦ ਕੋਠੀ ਨੂੰ ਸਾਫ਼ ਕਰਵਾਉਂਦੇ ਹਨ। ਮਾਲੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਹਾਲਾਂਕਿ ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਵਾਰਦਾਤ ਇੱਥੇ ਨਹੀਂ ਹੋਈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਹੀ ਮਾਲੀ ਕੋਠੀ ਨੂੰ ਬੰਦ ਕਰਕੇ ਆਪਣੇ ਘਰ ਗਿਆ ਸੀ। ਵਾਪਸ ਆਉਣ 'ਤੇ ਦੋ ਤਾਲੇ ਦੇਖ ਘਬਰਾ ਗਿਆ ਤੇ ਮਾਲਕਾਂ ਨੂੰ ਇਤਲਾਹ ਕੀਤੀ। ਚੰਡੀਗੜ੍ਹ ਪੁਲੀਸ ਵੱਲੋਂ ਸ਼ਿਕਾਇਤ ਦਰਜ ਕਰ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਿਸ ਨੇ ਵੀ ਉਹ ਤਾਲਾ ਲਾਇਆ ਹੈ, ਉਸ ਬਾਰੇ ਜਲਦ ਹੀ ਖੁਲਾਸਾ ਕੀਤਾ ਜਾਵੇਗਾ।