Three Punjabis Arrested In Canada: ਕੈਨੇਡੀਅਨ ਪੁਲਿਸ ਨੇ ਖਾਲਿਸਤਾਨੀ ਸਮਰਥਕ  ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿੱਚ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇੱਕ ਦੋਸ਼ੀ ਦਾ ਪਿਤਾ ਪੰਜਾਬ ਦੇ ਇੱਕ ਕਿਸਾਨ ਸਮੂਹ ਨਾਲ ਸਬੰਧਤ ਸੀ, ਜਿਸ ਦੇ ਨੇਤਾਵਾਂ 'ਤੇ 26 ਜਨਵਰੀ, 2021 ਨੂੰ ਨਵੀਂ ਦਿੱਲੀ ਦੇ ਲਾਲ ਕਿਲ੍ਹੇ 'ਤੇ ਹਿੰਸਾ ਲਈ ਕੇਸ ਦਰਜ ਕੀਤਾ ਗਿਆ ਸੀ।



‘ਦਿ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਕੈਨੇਡਾ ‘ਚ ਗ੍ਰਿਫਤਾਰ ਕੀਤਾ ਗਿਆ ਕਰਨਪ੍ਰੀਤ ਸਿੰਘ ਪੰਜਾਬ ਦੇ ਬਟਾਲਾ ਨੇੜੇ ਘਣੀ ਦੇ ਪਿੰਡ ਬਾਗੜ ਦਾ ਰਹਿਣ ਵਾਲਾ ਹੈ। ਪੰਜਾਬ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਉਸ ਦੇ ਪਿਤਾ ਸੁਖਦੇਵ ਸਿੰਘ ਪਿੰਡ ਦੇ ਇੱਕ ਗੁਰਦੁਆਰੇ ਵਿੱਚ ਗ੍ਰੰਥੀ ਹਨ ਅਤੇ ਕਿਸਾਨ ਸਵਰਨ ਸਿੰਘ ਪੰਧੇਰ ਦੇ ਗਰੁੱਪ ਦੇ ਮੈਂਬਰ ਹਨ। ਇਸ ਮਾਮਲੇ ’ਤੇ ਸਰਵਣ ਸਿੰਘ ਪੱਧੇਰ ਨੇ ਕਿਹਾ ਕਿ ਪਿੰਡ ਘਣੀ ਵਿੱਚ ਸਾਡੀ ਕੋਈ ਵੀ ਕਿਸਾਨ ਕਮੇਟੀ ਨਹੀਂ ਹੈ।


ਕੌਣ ਹੈ ਕਰਨਪ੍ਰੀਤ ਸਿੰਘ


 ਕੈਨੇਡਾ ਜਾਣੋ ਤੋਂ ਪਹਿਲਾਂ ਕਰਨਪ੍ਰੀਤ ਅਤੇ ਉਸ ਦੇ ਪਿਤਾ ਸੁਖਦੇਵ ਸਿੰਘ ਦੋਵੇਂ ਪਿਓ-ਪੁੱਤ ਦੁਬਈ ਵਿੱਚ ਟਰੱਕ ਚਲਾਉਂਦੇ ਸਨ। ਪੰਜਾਬ ਪੁਲਿਸ ਸ਼ਨੀਵਾਰ ਸਵੇਰ ਤੋਂ ਤਿੰਨ ਨੌਜਵਾਨਾਂ - ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ, ਕੈਨੇਡਾ ਦੇ ਇਸ ਦਾਅਵੇ ਤੋਂ ਬਾਅਦ ਕਿ ਉਹ ਕਥਿਤ ਤੌਰ 'ਤੇ ਹਿੱਟ ਸਕੁਐਡ ਦੇ ਮੈਂਬਰ ਸਨ।


ਕਰਨ ਬਰਾੜ ਕੋਟਕਪੂਰਾ ਦਾ ਵਸਨੀਕ ਹੈ ਅਤੇ ਉਸ ਦੇ ਪਿਤਾ ਮਨਦੀਪ ਸਿੰਘ ਬਰਾੜ ਦੀ ਕਰੀਬ ਦੋ ਹਫ਼ਤੇ ਪਹਿਲਾਂ ਉਨ੍ਹਾਂ ਦੇ ਜੱਦੀ ਘਰ ਵਿਖੇ ਮੌਤ ਹੋ ਗਈ ਸੀ। ਉਸ ਖ਼ਿਲਾਫ਼ ਧੋਖਾਧੜੀ ਅਤੇ ਜਾਲਸਾਜੀ ਦਾ ਕੇਸ ਚੱਲ ਰਿਹਾ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕਰਨ ਦੀ ਮਾਂ ਰਮਨ ਬਰਾੜ ਸਿੰਗਾਪੁਰ 'ਚ ਰਹਿੰਦੀ ਹੈ ਅਤੇ ਇਸ ਸਮੇਂ ਆਪਣੇ ਪਤੀ ਦੀ ਅੰਤਿਮ ਅਰਦਾਸ ਅਤੇ ਹੋਰ ਰਸਮਾਂ ਲਈ ਪੰਜਾਬ 'ਚ ਹੈ। ਪੁਲਿਸ ਨੇ ਦੱਸਿਆ ਕਿ ਤੀਜੇ ਨੌਜਵਾਨ ਕਮਲਪ੍ਰੀਤ ਸਿੰਘ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।


ਲਾਰੈਂਸ ਦਾ ਬਿਸ਼ਨੋਈ ਗੈਂਗ ਨਾਲ ਕੀ ਸੰਬੰਧ?


ਨਿਊਜ਼ ਏਜੰਸੀ ਏਐਨਆਈ ਮੁਤਾਬਕ ਇਨ੍ਹਾਂ ਤਿੰਨਾਂ ਦੇ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਵੀ ਸੰਬੰਧ ਹਨ। ਇਨ੍ਹਾਂ ਸਾਰਿਆਂ ਨੂੰ ਸਾਲ 2021 ਵਿਚ ਅਸਥਾਈ ਵੀਜ਼ੇ 'ਤੇ ਕੈਨੇਡਾ ਲਿਜਾਇਆ ਗਿਆ ਸੀ। 18 ਜੂਨ 2023 ਨੂੰ ਸ਼ਾਮ ਨੂੰ ਗੁਰਦੁਆਰੇ ਤੋਂ ਬਾਹਰ ਨਿਕਲਦੇ ਸਮੇਂ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕੈਨੇਡੀਅਨ ਪੀਐਮ ਟਰੂਡੋ ਨੇ ਭਾਰਤ 'ਤੇ ਨਿੱਝਰ ਦੀ ਹੱਤਿਆ ਦਾ ਦੋਸ਼ ਲਗਾਇਆ, ਜਿਸ ਨੂੰ ਭਾਰਤ ਨੇ ਰੱਦ ਕਰ ਦਿੱਤਾ ਸੀ।