Punjab News: ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਮੁਕਤਸਰ ਜ਼ਿਲ੍ਹੇ ਦੀ ਗਿੱਦੜਬਾਹਾ ਸੀਟ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ, ਹੁਸ਼ਿਆਰਪੁਰ ਦੀ ਚੱਬੇਵਾਲ ਸੀਟ ਤੋਂ ਈਸ਼ਾਨ ਚੱਬੇਵਾਲ, ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਤੋਂ ਬਾਅਦ ਹੁਣ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ।
ਇਸ ਐਲਾਨ ਤੋਂ ਬਾਅਦ ਬਰਨਾਲਾ ਤੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗਰਦੀਪ ਬਾਠ ਨੇ ਵੀਡੀਓ ਸਾਂਝੀ ਕਰਕੇ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਹੈ। ਗੁਰਦੀਪ ਬਾਠ ਆਪਣੇ ਆਪ ਨੂੰ ਬਰਨਾਲਾ ਜ਼ਿਮਨੀ ਚੋਣ ਲਈ ਦਾਅਵੇਦਾਰ ਮੰਨ ਰਹੇ ਸਨ ਪਰ ਪਾਰਟੀ ਨੇ ਇੱਥੋਂ ਸਾਬਕਾ ਵਿਧਾਇਕ ਤੇ ਮੌਜੂਦਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਹਰਿੰਦਰ ਧਾਲੀਵਾਲ ਨੂੰ ਟਿਕਟ ਦਿੱਤੀ ਹੈ ਜਿਸ ਤੋਂ ਬਾਅਦ ਬਾਠ ਵੱਲੋਂ ਨਰਾਜ਼ਗੀ ਜ਼ਾਹਰ ਕੀਤੀ ਗਈ ਹੈ।
ਗੁਰਦੀਪ ਬਾਠ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਕਿਹਾ, ਪਾਰਟੀ ਨੇ ਵਰਕਰਾਂ ਨੂੰ ਅਣਗੌਲਿਆ ਕਰਕੇ ਪਰਿਵਾਰਵਾਦ ਸ਼ੁਰੂ ਕਰ ਲਿਆ ਹੈ। ਜੇ ਚੱਬੇਵਾਲ ਦੀ ਗੱਲ ਕਰੀਏ ਤਾਂ ਉੱਥੋਂ MP ਰਾਜ ਕੁਮਾਰ ਚੱਬੇਵਾਲ ਦੇ ਬੇਟੇ ਨੂੰ ਟਿਕਟ ਦਿੱਤੀ ਹੈ ਜਦੋਂ ਕਿ ਬਰਨਾਲਾ ਤੋਂ ਮੀਤ ਹੇਅਰ ਦੇ ਕਰੀਬੀ ਨੂੰ ਟਿਕਟ ਦਿੱਤੀ ਹੈ। ਬਾਠ ਨੇ ਕਿਹਾ ਕਿ ਉਹ ਛੇਤੀ ਹੀ ਇਸ ਬਾਰੇ ਫੈਸਲਾ ਲੈਣਗੇ, ਬਾਠ ਨੇ ਕਿਹਾ ਕਿ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਪਰ ਉਹ ਪਾਰਟੀ ਦੇ ਫ਼ੈਸਲੇ ਵਿਰੁੱਧ ਚੁੱਪ ਕਰਕੇ ਨਹੀਂ ਬੈਠਾਂਗੇ ਤੇ ਛੇਤੀ ਹੀ ਇਸ ਨੂੰ ਲੈ ਕੇ ਫੈਸਲਾ ਲਿਆ ਜਾਵੇਗਾ।
ਮੀਤ ਹੇਅਰ ਨੇ ਕੀ ਕਿਹਾ ?
ਹਰਿੰਦਰ ਧਾਲੀਵਾਲ ਨੂੰ ਟਿਕਟ ਮਿਲਣ ਤੋਂ ਬਾਅਦ ਸੰਗਰੂਰ ਤੋਂ ਲੋਕ ਸਭਾ ਮੈਂਬਰ ਮੀਤ ਹੇਅਰ ਨੇ ਕਿਹਾ, ਸਾਡੀ ਪਾਰਟੀ ਵੱਲੋਂ ਜਿਮਨੀ ਚੋਣਾਂ ਲਈ ਐਲਾਨੇ ਸਾਰੇ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ, ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਮੇਰੇ ਵੀਰ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਪਾਰਟੀ ਹਾਈ ਕਮਾਨ ਦਾ ਬਹੁਤ-ਬਹੁਤ ਧੰਨਵਾਦ। ਬਰਨਾਲਾ ਵਾਸੀਆਂ ਨੇ ਸਦਾ ਮੇਰਾ ਅਤੇ ਪਾਰਟੀ ਦਾ ਮਾਣ ਰੱਖਿਆ ਹੈ ਅਤੇ ਹੁਣ ਮੈਂ ਹਲਕਾ ਵਾਸੀਆਂ ਨੂੰ ਬੇਨਤੀ ਹੈ ਕਿ ਆਉਣ ਵਾਲੀ ਚੋਣ ਵਿੱਚ ਮੇਰੇ ਵੀਰ ਦਾ ਸਾਥ ਦੇਣ।