ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਅਮਰਿੰਦਰ ਸਿੰਘ ਦਰਮਿਆਨ ਟਕਰਾਅ ਅਜੇ ਵੀ ਜਾਰੀ ਹੈ। ਇਸ ਦਰਮਿਆਨ ਕਾਂਗਰਸ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਕੈਪਟਨ ਨੂੰ 2022 ਦੀਆਂ ਚੋਣਾਂ 'ਚ ਚੇਹਰਾ ਦੱਸ, ਹੁਣ ਆਪਣੇ ਬਿਆਨ ਤੋਂ ਪਲਟ ਗਏ ਹਨ।


ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਰਾਵਤ ਨੇ ਕਿਹਾ ਕਿ ਚੇਹਰਾ ਤਾਂ ਪਾਰਟੀ ਹਾਈ ਕਮਾਂਡ ਇੱਕ ਪ੍ਰੋਸੈਸ ਨਾਲ ਤੈਅ ਕਰਦੀ ਹੈ।


ਉਨ੍ਹਾਂ ਕਿਹਾ ਕਿ "ਮੀਡੀਆ ਨੇ ਦੇਹਰਾਦੂਨ 'ਚ ਦਿੱਤੇ ਬਿਆਨ ਨੂੰ ਬ੍ਰੇਕਿੰਗ ਨਿਊਜ਼ ਦੇ ਹਿਸਾਬ ਨਾਲ ਦਿਖਾਇਆ ਸੀ।" ਦੱਸ ਦੇਈਏ ਕਿ ਰਾਵਤ ਨੇ ਪਿੱਛਲੇ ਹਫ਼ਤੇ ਪੰਜਾਬ ਦੇ ਚਾਰ ਮੰਤਰੀਆਂ ਨੂੰ ਮਿਲਣ ਤੋਂ ਪਿਹਲਾਂ ਸਾਫ ਕਿਹਾ ਸੀ ਕਿ ਪੰਜਾਬ 'ਚ 2022 ਦੀਆਂ ਚੋਣਾਂ ਕੈਪਟਨ ਦੀ ਅਗਵਾਈ 'ਚ ਹੀ ਹੋਣਗੀਆਂ।


ਹਰੀਸ਼ ਰਾਵਤ ਨੇ ਦੇਹਰਾਦੂਨ 'ਚ ਸਪਸ਼ਟ ਕੀਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੀ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਇਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ। ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਰਾਵਤ ਕੈਪਟਨ ਦਾ ਸਮਰਥਨ ਕਰ ਰਹੇ ਹਨ। 


ਰਾਵਤ ਨੇ ਇਸ ਮਗਰੋਂ ਕਿਹਾ ਸੀ ਕਿ "ਮੈਂ ਕਿਸੇ ਦੀ ਬੈਕ ਨਹੀਂ ਕਰ ਰਿਹਾ। ਮੈਂ ਸਿਰਫ ਪੰਜਾਬ ਕਾਂਗਰਸ ਦਾ ਸਮਰਥਨ ਕਰ ਰਿਹਾ ਹਾਂ। ਜਦੋਂ ਮੈਂ ਸਿੱਧੂ ਦੀ ਪ੍ਰਸ਼ੰਸਾ ਕਰ ਰਿਹਾ ਸੀ, ਬਹੁਤ ਸਾਰੇ ਲੋਕ ਮੈਨੂੰ ਇਹੀ ਗੱਲਾਂ ਕਹਿ ਰਹੇ ਸਨ। ਅੱਜ ਜਿਥੋਂ ਤੱਕ ਚਿਹਰੇ ਦੀ ਗੱਲ ਹੈ, ਕਾਂਗਰਸ ਦੇ ਅੰਦਰ ਸਾਡੇ ਕੋਲ ਸੋਨੀਆ ਜੀ, ਰਾਹੁਲ ਜੀ, ਪ੍ਰਿਯੰਕਾ ਜੀ ਵਰਗੇ ਅਖਿਲ ਭਾਰਤ ਦੇ ਚਿਹਰੇ ਹਨ।" 


ਰਾਵਤ ਸਿੱਧੂ ਨੂੰ ਮਿਲਣ ਮਗਰੋਂ ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ।ਹਾਈ ਕਮਾਂਡ ਨੂੰ ਪੰਜਾਬ ਦੇ ਕਲੇਸ਼ ਬਾਰੇ ਰਿਪੋਰਟ ਦੇਣ ਮਗਰੋਂ ਰਾਵਤ ਚੰਡੀਗੜ੍ਹ ਪਹੁੰਚੇ ਹਨ।