Harish Singla threat : ਸ਼ਿਵ ਸੈਨਾ ਬਾਲ ਠਾਕਰੇ (ਸ਼ਿੰਦੇ ਗਰੁੱਪ) ਦੇ ਪੰਜਾਬ ਮੁਖੀ ਹਰੀਸ਼ ਸਿੰਗਲਾ ਨੂੰ ਪਾਕਿਸਤਾਨ ਦੇ ਇੱਕ ਨੰਬਰ ਤੋਂ ਵੀਡੀਓ ਕਾਲ ਰਾਹੀਂ ਬੰਬ ਅਤੇ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਰੀਸ਼ ਸਿੰਗਲਾ ਨੇ ਦੱਸਿਆ ਕਿ ਵੀਡੀਓ ਕਾਲ 'ਚ ਅਣਪਛਾਤੇ ਦੋਸ਼ੀਆਂ ਨੇ ਉਸ ਨੂੰ ਬੰਬ ਵੀ ਦਿਖਾਇਆ। ਉਨ੍ਹਾਂ ਨੇ ਇਸ ਸਬੰਧੀ ਪਟਿਆਲਾ ਦੇ ਐਸਐਸਪੀ ਅਤੇ ਪੰਜਾਬ ਦੇ ਡੀਜੀਪੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।

 

ਹਰੀਸ਼ ਸਿੰਗਲਾ ਨੇ ਦੱਸਿਆ ਕਿ 29 ਅਪ੍ਰੈਲ ਤੋਂ ਪਹਿਲਾਂ ਵੀ ਉਸ ਨੂੰ ਇਸੇ ਤਰ੍ਹਾਂ ਪਾਕਿਸਤਾਨੀ ਨੰਬਰ ਤੋਂ ਵੀਡੀਓ ਕਾਲ ਕਰਕੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਜਿਸ ਤੋਂ ਬਾਅਦ 29 ਅਪ੍ਰੈਲ ਨੂੰ ਵੀ ਉਸ 'ਤੇ ਹਮਲਾ ਕੀਤਾ ਗਿਆ ਸੀ ਅਤੇ ਅੱਜ ਫਿਰ ਪਾਕਿਸਤਾਨੀ ਨੰਬਰ ਤੋਂ ਉਸ ਦੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। 

 



ਉਨ੍ਹਾਂ ਸਰਕਾਰ 'ਤੇ ਆਰੋਪ ਲਗਾਉਂਦਿਆਂ ਕਿਹਾ ਕਿ ਸਿਆਸੀ ਰੰਜਿਸ਼ ਕਾਰਨ ਉਨ੍ਹਾਂ ਦੀ ਸੁਰੱਖਿਆ ਘਟਾਈ ਜਾ ਰਹੀ ਹੈ। ਉਨ੍ਹਾਂ ਨੂੰ ਜੋ ਗੰਨਮੈਨ ਮਿਲੇ ਹਨ ,ਉਨ੍ਹਾਂ ਨਾਲ ਲਿਜਾਣ ਲਈ ਪਿਛਲੇ 10 ਸਾਲਾਂ ਤੋਂ ਇੱਕ ਐਸਕਾਰਟ ਗੱਡੀ ਸੀ ਪਰ ਹੁਣ ਪੰਜਾਬ ਸਰਕਾਰ ਅਤੇ ਪਟਿਆਲਾ ਪੁਲਿਸ ਨੇ ਇਹ ਐਸਕਾਰਟ ਗੱਡੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਹੁਣ ਇਸਨੂੰ ਪਟਿਆਲਾ ਦੇ ਐੱਸ.ਐੱਸ.ਪੀ. ਹੀ ਇਸਤੇਮਾਲ ਕਰ ਰਹੇ ਹਨ। 

ਸੁਰੱਖਿਆ ਵਿੱਚ ਸਿਰਫ਼ ਜ਼ਿਲ੍ਹਾ ਪੱਧਰੀ ਗੰਨਮੈਨ ਹੀ ਤਾਇਨਾਤ ਹਨ , ਜੋ ਜ਼ਿਆਦਾਤਰ ਛੁੱਟੀਆਂ 'ਤੇ ਰਹਿੰਦੇ ਹਨ।


ਸਿੰਗਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਿੱਖਿਅਤ ਕਮਾਂਡੋਜ਼ ਦੀ ਸੁਰੱਖਿਆ ਦਿੱਤੀ ਜਾਵੇ। ਇਸ ਦੇ ਨਾਲ ਹੀ ਕਾਗਜ਼ਾਂ ਵਿੱਚ ਉਸ ਦੇ ਨਾਂ 'ਤੇ ਦਿੱਤੀ ਗਈ ਐਸਕਾਰਟ ਗੱਡੀ ਅਤੇ ਬੁਲੇਟ ਪਰੂਫ ਗੱਡੀ ਵਾਪਸ ਦਿੱਤੀ ਜਾਵੇ। ਨਹੀਂ ਤਾਂ ਪੰਜਾਬ ਸਰਕਾਰ , ਡੀਜੀਪੀ ਪੰਜਾਬ ਅਤੇ ਐਸਐਸਪੀ ਅਤੇ ਆਈਜੀ ਪਟਿਆਲਾ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਜਾਨੀ ਮਾਲੀ ਨੁਕਸਾਨ ਲਈ ਜ਼ਿੰਮੇਵਾਰ ਹੋਣਗੇ।