Kangana Vs Punjab: ਅਦਾਕਾਰ ਤੇ ਮੰਡੀ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਪਹਿਲਾਂ ਹੀ ਫਿਲਮ ਨੂੰ ਲੈ ਕੇ ਵਿਵਾਦਾਂ ਵਿੱਚ ਹੈ ਪਰ ਹੁਣ ਨੇ ਕਿਸਾਨ ਅੰਦੋਲਨ ਵਿੱਚ ਬਲਾਤਕਾਰ ਤੇ ਕਤਲ ਹੋਣ ਦਾ ਬਿਆਨ ਦੇ ਕੇ ਨਵਾਂ ਵਿਵਾਦ ਸਹੇੜ ਲਿਆ ਹੈ। ਇਸ ਨੂੰ ਲੈ ਕੇ ਹੁਣ ਪੰਜਾਬ ਭਰ ਵਿੱਚ ਵਿਰੋਧ ਹੋ ਰਿਹਾ ਹੈ। ਇਸ ਮਾਮਲੇ ਨੂੰ ਲੈ ਪੰਜਾਬ ਭਾਜਪਾ ਨੇ ਵੀ ਪਾਸਾ ਵੱਟ ਲਿਆ ਹੈ। 


ਇਸ ਵਿਵਾਦ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੰਗਨਾ ਨੂੰ ਅਜਿਹੇ ਸੰਵੇਦਨਸ਼ੀਲ ਮੁੱਦਿਆਂ ਉੱਤੇ ਬਿਆਨ ਨਹੀਂ ਦੇਣੇ ਚਾਹੀਦੇ ਹਨ। ਫਿਲਮ ਸੈਂਸਰ ਬੋਰਡ ਨੂੰ ਵੀ ਧਰਮ ਦੇ ਨੁਮਾਇੰਦਿਆ ਨਾਲ ਰਾਬਤਾ ਕਰਕੇ ਹੀ ਇਜਾਜ਼ਤ ਦੇਣੀ ਚਾਹੀਦੀ ਹੈ


ਇਸ ਮੌਕੇ ਗਰੇਵਾਲ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਿਸਾਨ ਸਾਡੇ ਨਾਲੋਂ ਵੱਧ ਦੇਸ਼ਭਗਤ ਤੇ ਰਾਸ਼ਟਰਵਾਦੀ ਹੋਣ, ਇਸ ਲਈ ਉਨ੍ਹਾਂ ਉੱਤੇ ਅਜਿਹੀ ਕੋਈ ਵੀ ਟਿੱਪਣੀ ਨਹੀਂ ਹੋਣੀ ਚਾਹੀਦੀ। ਕੰਗਨਾ ਰੌਣਤ ਨੂੰ ਕਿਸਾਨਾਂ ਉੱਤੇ ਅਜਿਹੀ ਟਿੱਪਣੀ ਕਰਨ ਦਾ ਕੋਈ ਹੱਕ ਨਹੀਂ। ਕਿਸਾਨਾਂ ਦੀਆਂ ਜੋ ਵੀ ਮੰਗਾਂ ਹਨ ਉਹ ਗੱਲਬਾਤ ਦੇ ਮਸਲੇ ਨਾਲ ਹੱਲ ਕਰ ਲਈਆਂ ਜਾਣਗੀਆਂ।  ਗਰੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੇ ਹਨ, ਇਸ ਕਰਕੇ ਉਨ੍ਹਾਂ ਦੇ ਸਖ਼ਤ ਆਦੇਸ਼ ਹਨ ਕਿਸਾਨਾਂ ਬਾਰੇ ਕੁਝ ਵੀ ਮਾੜਾ ਨਹੀਂ ਕਿਹਾ ਜਾਵੇਗਾ।


ਇਸ ਮੌਕੇ ਗਰੇਵਾਲ ਨੇ ਕਿਹਾ ਕਿ ਪੰਜਾਬ ਸਰਹੱਦੀ ਤੇ ਸੰਵੇਦਨਸ਼ੀਲ ਸੂਬਾ ਹੈ ਤੇ ਇਸ ਵੇਲੇ ਬਾਰੂਦ ਦੇ ਢੇਰ ਉੱਤੇ ਬੈਠਾ ਹੈ ਇਸ ਲਈ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ।  ਗਰੇਵਾਲ ਨੇ ਕਿਹਾ ਕਿ ਜੋ ਕੰਮ ਸਾਡੇ ਵਿਰੋਧੀਆਂ ਨੇ ਕਰਨਾ ਹੈ ਉਹ ਕੰਮ ਕੰਗਨਾ ਦੇ ਬਿਆਨ ਸਾਡੇ ਖ਼ਿਲਾਫ਼ ਕਰ ਰਹੇ ਹਨ। ਉਸ ਨੂੰ ਕੜਵਾਹਟ ਫੈਲਾਉਣ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ, ਕਿਉਂਕਿ ਪੰਜਾਬ ਵਿੱਚ ਸਾਰੇ ਭਾਈਚਾਰਿਆਂ ਦੇ ਲੋਕ ਮਿਲ ਕੇ ਰਹਿੰਦੇ ਹਨ।


ਕੰਗਨਾ ਦੇ ਕਿਹੜੇ ਬਿਆਨਾ ਕਰਕੇ ਛਿੜਿਆ ਵਿਵਾਦ


ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ ਕਿ ਜੇਕਰ ਸਾਡੀ ਸਿਖਰਲੀ ਲੀਡਰਸ਼ਿਪ ਮਜ਼ਬੂਤ ​​ਨਾ ਹੁੰਦੀ ਤਾਂ ਕਿਸਾਨ ਅੰਦੋਲਨ ਦੌਰਾਨ ਪੰਜਾਬ ਵੀ ਬੰਗਲਾਦੇਸ਼ ਵਿੱਚ ਤਬਦੀਲ ਹੋ ਜਾਣਾ ਸੀ। ਕੰਗਨਾ ਨੇ ਕਿਹਾ ਕਿ ਪੰਜਾਬ 'ਚ ਕਿਸਾਨ ਅੰਦੋਲਨ ਦੇ ਨਾਂਅ 'ਤੇ ਬਦਮਾਸ਼ ਹਿੰਸਾ ਫੈਲਾ ਰਹੇ ਹਨ। ਉੱਥੇ ਬਲਾਤਕਾਰ ਤੇ ਕਤਲ ਹੋ ਰਹੇ ਸਨ। ਉਹ ਦੇਸ਼ ਵਿੱਚ ਕੁਝ ਵੀ ਕਰ ਸਕਦੇ ਹਨ।