ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਨੂੰ ਅਸਲ ਅਰਥਾਂ ਵਿੱਚ ‘ਸੁਧਾਰ ਘਰ’ ਬਣਾਉਣ ਦੇ ਮੱਦੇਨਜ਼ਰ ਪੰਜਾਬ ਦੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਪੂਰੀ ਤਰਾਂ ਨਾਲ ਬੰਦ ਕਰਨ ਅਤੇ ਜੇਲ ਦੇ ਅੰਦਰ ਚੱਲ ਰਹੇ ਮੋਬਾਈਲਾਂ ਬਾਰੇ ਪਤਾ ਲਗਾਉਣ ਲਈ ਨਵੀਨਤਮ ਤਕਨਾਲੋਜੀ ਵਰਤਣ ਲਈ ਰੂਪ-ਰੇਖਾ ਤਿਆਰ ਕੀਤੀ ਜਾਵੇ।


ਪੰਜਾਬ ਭਵਨ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਜੇਲਾਂ ਵਿੱਚ ਨਫ਼ਰੀ (ਮੈਨ ਪਾਵਰ) ਵਧਾਉਣ ਦੇ ਵੀ ਨਿਰਦੇਸ਼ ਦਿੱਤੇ ਅਤੇ ਜੇਲ੍ਹ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੂੰ ਜੇਲ੍ਹਾਂ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕੈਦੀਆਂ ਦੀ ਨਕੇਲ ਕੱਸਣ ਲਈ ਵਾਧੂ ਪੁਲਿਸ ਕਰਮੀ ਤਾਇਨਾਤ ਕਰਨ ਲਈ ਕਿਹਾ।


ਮੰਤਰੀ ਨੇ ਕਿਹਾ, “ਜੇਲ੍ਹਾਂ ਵਿੱਚੋਂ ਗੈਂਗਸਟਰਾਂ ਅਤੇ ਅਪਰਾਧੀਆਂ ਦੇ ਗਠਜੋੜ ਨੂੰ ਤੋੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ ਇੱਕ ਨਿਰਧਾਰਤ ਸਮੇਂ ‘ਚ ਜੇਲ੍ਹਾਂ ਚੋਂ ਸਭ ਤੋਂ ਵੱਧ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਭਵਿੱਖ ਵਿੱਚ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਜੇਲ੍ਹਾਂ ਦੇ ਅੰਦਰੋਂ ਇੱਕ ਵੀ ਗੈਰ-ਕਾਨੂੰਨੀ ਗਤੀਵਿਧੀ ਨਾ ਕੀਤੀ ਜਾ ਸਕੇ।”


ਜ਼ਿਕਰਯੋਗ ਹੈ ਕਿ ਇੱਕ ਭਾਰਤੀ ਆਈ.ਟੀ./ਕਮਿਊਨੀਕੇਸ਼ਨ ਸਿਸਟਮ ਇੰਟੀਗ੍ਰੇਸ਼ਨ ਕੰਪਨੀ ਐੱਮਏਪੀਐੱਲ ਨੇ ਪੇਸ਼ਕਾਰੀ ਦਿੱਤੀ ਅਤੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਕਿ ਜੀਓ ਮੈਪਿੰਗ ਰਾਹੀਂ ਜੇਲਾਂ ਨੂੰ ਕਵਰ ਕੀਤਾ ਜਾਵੇਗਾ ਅਤੇ ਜੀਓ ਫੈਨਸਿੰਗ ਅਤੇ ਤਕਨਾਲੋਜੀ ਰਾਹੀਂ ਮੋਬਾਈਲ, ਵ੍ਹੱਟਸਐਪ ਅਤੇ ਹੋਰ ਕਾਲਾਂ ਦੇ ਸਿਗਨਲ ਪ੍ਰਾਪਤ ਕੀਤੇ ਜਾ ਸਕਣਗੇ। ਇਸ ਤਕਨਾਲੋਜੀ  ਰਾਹੀਂ ਰੀਅਲ ਟਾਈਮ ਡਾਟਾ ਤਿਆਰ ਕੀਤਾ ਜਾਂਦਾ ਹੈ। ਮੋਬਾਈਲ ਫੋਨ ਉਪਭੋਗਤਾਵਾਂ ਦੀ ਅਸਲ ਸਥਿਤੀ ਦਾ ਪਤਾ ਲਗਾਉਣ ਤੋਂ ਇਲਾਵਾ ਕਾਲ ਨੂੰ ਤੁਰੰਤ ਬਲੌਕ ਕੀਤਾ ਜਾ ਸਕੇਗਾ।


ਮੀਟਿੰਗ ਵਿੱਚ ਏ.ਡੀ.ਜੀ.ਪੀ. ਜੇਲਾਂ ਵਰਿੰਦਰ ਕੁਮਾਰ, ਆਈ.ਜੀ. ਜੇਲਾਂ ਰੂਪ ਕੁਮਾਰ ਅਰੋੜਾ ਅਤੇ ਕਈ ਹੋਰ ਅਧਿਕਾਰੀ ਵੀ ਹਾਜ਼ਰ ਸੀ।


ਇਹ ਵੀ ਪੜ੍ਹੋ: CARS24 fires 600 employees: ਇਸ ਕੰਪਨੀ ਨੇ ਕਰੀਬ 600 ਕਰਮਚਾਰੀਆਂ ਨੂੰ ਦਿਖਾਇਆ ਬਾਹਰ ਦਾ ਰਾਹ, ਕਿਹਾ- ਹਰ ਸਾਲ ਵਾਂਗ ਆਮ ਪ੍ਰਕਿਰਿਆ