Punjab News: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਖਾਨਿਆਂ ਦੀ ਉਸਾਰੀ ਤੋਂ ਬਾਅਦ ਨੀਂਹ ਪੱਥਰ ਰੱਖਣ 'ਤੇ ਕੀਤੀ ਜਾ ਰਹੀ ਸਿਆਸਤ 'ਤੇ ਵਿਰੋਧੀ ਪਾਰਟੀ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਰੂਪਨਗਰ ਦੇ ਸਕੂਲ ਵਿੱਚ ਪਹੁੰਚੇ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਇਹ ਪਾਰਟੀਆਂ ਸੂਬੇ ਦੇ ਸਕੂਲਾਂ ਵਿੱਚ ਪਖਾਨਿਆਂ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਦੇ ਸਕੀਆਂ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ, ਤਾਂ ਸੂਬੇ ਦੇ 3000 ਤੋਂ ਵੱਧ ਸਕੂਲਾਂ ਵਿੱਚ ਬੱਚਿਆਂ ਲਈ ਬਾਥਰੂਮ ਨਹੀਂ ਸਨ।
ਹਰਜੋਤ ਬੈਂਸ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਸਕੂਲਾਂ ਵਿੱਚ ਪਖਾਨਿਆਂ ਦੀਆਂ ਕੰਧਾਂ 'ਤੇ ਲੱਗੀਆਂ ਨੇਮ ਪਲੇਟਾਂ 'ਤੇ ਸਵਾਲ ਚੁੱਕ ਰਹੀ ਹੈ, ਪਰ ਉਨ੍ਹਾਂ ਨੂੰ ਉਦੋਂ ਸ਼ਰਮ ਨਹੀਂ ਆਈ ਜਦੋਂ ਧੀਆਂ ਖੁੱਲ੍ਹੇ ਵਿੱਚ ਸ਼ੌਚ ਕਰਨ ਲਈ ਮਜਬੂਰ ਸਨ ਅਤੇ ਪਖਾਨਿਆਂ ਦੀ ਘਾਟ ਕਾਰਨ ਸਕੂਲ ਛੱਡ ਰਹੀਆਂ ਸਨ। ਉਨ੍ਹਾਂ ਕਿਹਾ, "ਕਾਂਗਰਸ ਅਤੇ ਭਾਜਪਾ ਆਗੂਆਂ ਦੇ ਬੱਚੇ ਜਿੱਥੇ ਪੜ੍ਹਦੇ ਹਨ, ਉਨ੍ਹਾਂ ਸਕੂਲਾਂ ਦੇ ਪਖਾਨਿਆਂ ਵਿੱਚ ਵੀ ਏਸੀ ਲੱਗੇ ਹੋਏ ਹਨ, ਪਰ ਜਦੋਂ ਗਰੀਬਾਂ ਦੇ ਬੱਚਿਆਂ ਦੀ ਗੱਲ ਆਉਂਦੀ ਹੈ, ਤਾਂ ਉਨ੍ਹਾਂ ਕੋਲ ਬਾਥਰੂਮ ਬਣਾਉਣ ਦਾ ਸਮਾਂ ਵੀ ਨਹੀਂ ਹੈ। ਇਨ੍ਹਾਂ ਪਾਰਟੀਆਂ ਨੇ ਸਾਲਾਂ ਤੋਂ ਪੰਜਾਬ ਦੇ ਗਰੀਬਾਂ ਦੇ ਹੱਕਾਂ ਨੂੰ ਹੜੱਪਿਆ ਹੈ ਅਤੇ ਅੱਜ ਜਦੋਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਦਿੱਤੇ ਹਨ, ਤਾਂ ਉਹ ਸਾੜਾ ਕਰ ਰਹੇ ਹਨ।"
ਸਿੱਖਿਆ ਮੰਤਰੀ ਨੇ ਕਿਹਾ ਕਿ ਜਿਹੜਾ ਕੰਮ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਮਿਲ ਕੇ 75 ਸਾਲਾਂ ਵਿੱਚ ਨਹੀਂ ਕਰ ਸਕੇ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਸਾਲਾਂ ਵਿੱਚ ਹੀ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ, "ਇਹ ਨੇਮ ਪਲੇਟਾਂ ਨਹੀਂ ਹਨ ਸਗੋਂ ਪੰਜਾਬ ਦੀ ਰਾਜਨੀਤਿਕ ਅਸਫਲਤਾ ਦੀ ਯਾਦ ਹੈ। ਇਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਪਤਾ ਲੱਗੇਗਾ ਕਿ ਕਿਸਨੇ ਕੰਮ ਕੀਤਾ ਅਤੇ ਕਿਸਨੇ ਸਿਰਫ਼ ਵਾਅਦੇ ਕੀਤੇ।"
'ਆਪ' ਨੇਤਾ ਨੀਲ ਗਰਗ ਨੇ ਕਿਹਾ- ਇਹ ਨੇਮਪਲੇਟ ਵਿਰੋਧੀ ਧਿਰ ਦੇ ਮੂੰਹ 'ਤੇ ਚਪੇੜ ਹੈ
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨੀਲ ਗਰਗ ਨੇ ਵੀ ਵਿਰੋਧੀ ਪਾਰਟੀਆਂ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਸੱਤ ਦਹਾਕਿਆਂ ਤੋਂ ਸੱਤਾ ਵਿੱਚ ਰਹੀਆਂ ਪਾਰਟੀਆਂ ਸਕੂਲਾਂ ਵਿੱਚ ਪਖਾਨਿਆਂ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਦੇ ਸਕੀਆਂ। ਉਨ੍ਹਾਂ ਕਿਹਾ, "ਜਦੋਂ ਕਿ ਤੁਹਾਡੇ ਬੱਚੇ ਉਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਸਨ ਜਿੱਥੇ ਪਖਾਨਿਆਂ ਵਿੱਚ ਵੀ ਏਸੀ ਸਨ, ਉਦੋਂ ਸਾਡੇ ਬੱਚਿਆਂ ਨੂੰ ਬਾਥਰੂਮ ਵੀ ਨਸੀਬ ਨਹੀਂ ਸੀ।"
ਨੀਲ ਗਰਗ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਧੀਨ ਹਰ ਬੱਚੇ ਨੂੰ ਸਿੱਖਿਆ ਦੇ ਨਾਲ-ਨਾਲ ਸਤਿਕਾਰ ਅਤੇ ਸਫਾਈ ਦਾ ਅਧਿਕਾਰ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਨੇਮ ਪਲੇਟ ਵਿਰੋਧੀਆਂ ਦੇ ਮੂੰਹ 'ਤੇ ਚਪੇੜ ਹੈ, ਜੋ ਦਰਸਾਉਂਦੀ ਹੈ ਕਿ ਅਸਲ ਕੰਮ ਕਿਸਨੇ ਕੀਤਾ ਅਤੇ ਕੌਣ ਸਿਰਫ਼ ਖੋਖਲੇ ਵਾਅਦੇ ਕਰਦਾ ਆ ਰਿਹਾ ਹੈ। ਉਨ੍ਹਾਂ ਦੁਹਰਾਇਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੀ ਹੈ ਅਤੇ ਹੁਣ ਕੋਈ ਵੀ ਬੱਚਾ ਸਿਰਫ਼ ਪਖਾਨਿਆਂ ਦੀ ਘਾਟ ਕਾਰਨ ਸਕੂਲ ਛੱਡਣ ਲਈ ਮਜਬੂਰ ਨਹੀਂ ਹੋਵੇਗਾ।