Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਕਰੀਬਨ 3 ਸਾਲਾਂ ਬਾਅਦ ਸੂਬੇ ਦੀ ਸਿਆਸਤ ਵਿਚ ਮੁੜ ਸਰਗਰਮ ਹੋ ਗਏ ਹਨ। ਅੱਜ ਉਹ ਖੰਨਾ ਦੀ ਦਾਣਾ ਮੰਡੀ ਵਿਚ ਝੋਨੇ ਦੀ ਖ਼ਰੀਦ ਤੇ ਲਿਫਟਿੰਗ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ। ਇਸ ਮੌਕੇ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਨੂੰ ਡਰਾਮੇਬਾਜੀ ਕਰਾਰ ਦਿੱਤਾ ਹੈ।
ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ, ਕੈਪਟਨ ਅਮਰਿੰਦਰ ਸਿੰਘ ਮੰਡੀਆਂ ਵਿੱਚ ਜਾਕੇ ਕਹਿ ਰਹੇ ਹਨ ਕਿ ਪੰਜਾਬ ਸਰਕਾਰ ਨੇ ਮਸਲੇ ਦਾ ਹੱਲ ਨਹੀਂ ਕੀਤਾ, ਪਰ ਉਹ ਦੋ ਵਾਰ ਮੁੱਖ ਮੰਤਰੀ ਰਹੇ ਤੇ ਹੁਣ ਭਾਜਪਾ ਦੀ ਸੀਨੀਅਰ ਲੀਡਰਸ਼ਿੱਪ ਵਿੱਚ ਆਉਂਦੇ ਨੇ ਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਦੇ ਰਹਿੰਦੇ ਹਨ ਪਰ ਅੱਜ ਤੱਕ ਪੰਜਾਬ ਦੀ ਗੱਲ ਨਹੀਂ ਕੀਤੀ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਸਾਰੀ ਦਿੱਕਤ ਕੇਂਦਰ ਨੇ ਸ਼ੁਰੂ ਕੀਤੀ ਹੈ, ਉਸ ਨੇ ਸਮੇਂ ਸਿਰ ਸ਼ੈਲਰਾਂ ਚੋਂ ਝੋਨਾ ਨਹੀਂ ਚੁੱਕਿਆ ਤੇ ਕਿਸਾਨਾਂ ਦੀ ਗੱਲ ਨਹੀਂ ਸੁਣੀ। ਚੀਮਾ ਨੇ ਇਲਜਾਮ ਲਾਇਆ ਕਿ ਪੰਜਾਬ ਤੇ ਕਿਸਾਨਾਂ ਨੂੰ ਭਾਰਤੀ ਜਨਤਾ ਪਾਰਟੀ ਨਫ਼ਰਤ ਕਰਦੀ ਹੈ ਇਸ ਲਈ ਕਿਸੇ ਸਮੱਸਿਆ ਦਾ ਹੱਲ ਨਹੀਂ ਕਰਦੀ ਹੈ।
ਚੀਮਾ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਦੇ ਬਹੁਤ ਸਾਰੇ ਪੈਸੇ ਰੋਕੇ ਹੋਏ ਨੇ ਪਰ ਪੰਜਾਬ ਭਾਜਪਾ ਦੇ ਕਿਸੇ ਲੀਡਰ ਨੇ ਵੀ ਕੇਂਦਰ ਕੋਲ ਇਹ ਮੁੱਦਾ ਨਹੀਂ ਚੁੱਕਿਆ ਹੈ ਤੇ ਹੁਣ ਮੰਡੀਆਂ ਵਿੱਚ ਡਰਾਮੇਬਾਜੀ ਕਰ ਰਹੇ ਹਨ। ਇਸ ਸਭ ਆਪਣੀ ਗੁਆਚੀ ਹੋਈ ਸਿਆਸੀ ਜ਼ਮੀਨ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਦੱਸ ਦਈਏ ਕਿ ਪੰਜਾਬ ਤੇ ਕੇਂਦਰ ਵਿਚਾਲੇ ਚੱਲ ਰਹੀ ਤਲਖੀ ਬਾਬਤ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਕੇਂਦਰ ਨੇ ਮੇਰੇ ਵੇਲੇ ਪੰਜਾਬ ਨਾਲ ਮਤਰੇਆ ਸਲੂਕ ਨਹੀਂ ਕੀਤਾ ਤਾਂ ਹੁਣ ਕਿਉਂ ਕਰੇਗੀ। ਉਹ ਅਟਲ ਬਿਹਾਰੀ ਵਾਜਪਾਈ ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਤਾਲਮੇਲ ਕਰ ਕੇ ਕੰਮ ਕਰਵਾਉਂਦੇ ਰਹੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।