ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੀਮਾ ਨੇ ਕੈਪਟਨ ਨੂੰ ਭ੍ਰਿਸ਼ਟਾਚਾਰ ਦੇ ਸਬੂਤ ਦੇਣ ਦੀ ਅਪੀਲ ਕੀਤੀ ਹੈ।ਉਹਨਾਂ ਦਾਅਵਾ ਕੀਤਾ ਹੈ ਕਿ ਸਰਕਾਰ ਭ੍ਰਿਸ਼ਟ ਲੋਕਾਂ ਖਿਲਾਫ ਸਖ਼ਤ ਕਾਰਵਾਈ ਕਰੇਗੀ।ਚੀਮਾ ਨੇ ਕਿਹਾ ਕਿ ਆਪ ਸਰਕਾਰ ਕਿਸੇ ਵੀ ਪੱਧਰ 'ਤੇ ਭ੍ਰਿਸ਼ਟਾਚਾਰ ਸਵੀਕਾਰ ਨਹੀਂ ਕਰੇਗੀ।ਚੀਮਾ ਦਾ ਇਹ ਬਿਆਨ ਕੈਪਨਟ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਤੋਂ ਪਹਿਲਾਂ ਆਇਆ ਹੈ। 


ਪੰਜਾਬ ਲੋਕ ਕਾਂਗਰਸ ਦੇ ਮੁਖੀ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਵੱਡਾ ਖੁਲਾਸਾ ਕਰਨ ਵਾਲੇ ਹਨ। ਕੈਪਟਨ ਦੀ ਇਸ ਬਾਜ਼ੀ ਨੇ ਕਈ ਕਾਂਗਰਸੀਆਂ 'ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਦਰਅਸਲ, ਕੈਪਟਨ ਆਪਣੀ ਪਤਨੀ ਪ੍ਰਨੀਤ ਕੌਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ। ਇਸ ਦੌਰਾਨ ਉਹ ਸਾਬਕਾ ਭ੍ਰਿਸ਼ਟ ਮੰਤਰੀਆਂ ਤੇ ਵਿਧਾਇਕਾਂ ਦੀ ਸੂਚੀ ਸੌਂਪਣਗੇ। ਖਾਸ ਤੌਰ 'ਤੇ ਜਿਹੜੇ ਲੋਕ ਪਿਛਲੀ (ਕਾਂਗਰਸ) ਸਰਕਾਰ ਦੇ ਕਾਰਜਕਾਲ ਦੌਰਾਨ ਰੇਤ ਦੀ ਨਾਜਾਇਜ਼ ਮਾਈਨਿੰਗ 'ਚ ਸ਼ਾਮਲ ਸਨ। ਇਸ ਵਿੱਚ 6 ਮੰਤਰੀਆਂ ਦੇ ਨਾਂ ਸਾਹਮਣੇ ਆ ਰਹੇ ਹਨ।

ਇਸ ਤੋਂ ਇਲਾਵਾ ਕੈਪਟਨ ਸ਼ਰਾਬ ਦਾ L1 ਦਾ ਠੇਕਾ ਲੈਣ ਵਾਲੇ ਵਿਅਕਤੀ ਦਾ ਵੀ ਪਰਦਾਫਾਸ਼ ਕਰ ਸਕਦੇ ਹਨ। ਕੈਪਟਨ ਦੇ ਇਸ ਕਦਮ ਤੋਂ ਕਈ ਕਾਂਗਰਸੀਆਂ ਦੇ ਸਾਹ ਸੁੱਕੇ ਪਏ ਹਨ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਕੈਪਟਨ ਉਨ੍ਹਾਂ ਦਾ ਨਾਮ ਨਾ ਲੈ ਦੈਣ। ਇਹ ਡਰ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਮੁੱਖ ਮੰਤਰੀ ਮਾਨ ਨੇ ਆਪਣੀ ਕੈਬਨਿਟ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਬਰਖਾਸਤ ਕਰ ਮਾਮਲਾ ਵੀ ਦਰਜ ਕਰਵਾ ਦਿੱਤਾ। ਇਹ ਮੰਤਰੀ ਹੁਣ ਰੋਪੜ ਜੇਲ੍ਹ ਵਿੱਚ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, "ਕੈਪਟਨ ਸੰਸਦ ਮੈਂਬਰ ਆਪਣੀ ਪਤਨੀ ਸਮੇਤ ਮੁੱਖ ਮੰਤਰੀ ਨੂੰ ਮਿਲਣਗੇ। ਪਟਿਆਲੇ ਵਿੱਚ ਕੁਝ ਵਿਕਾਸ ਫੰਡ ਰੁਕੇ ਹਨ, ਇਸ ਬਾਰੇ ਗੱਲਬਾਤ ਕਰਨਗੇ।"