Farmer Protest: ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਨੇ 131 ਦਿਨਾਂ ਬਾਅਦ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਨੇ ਐਤਵਾਰ ਨੂੰ ਫਤਿਹਗੜ੍ਹ ਸਾਹਿਬ ਦੀ ਸਰਹਿੰਦ ਅਨਾਜ ਮੰਡੀ ਵਿਖੇ ਕਿਸਾਨ ਮਹਾਂਪੰਚਾਇਤ ਵਿੱਚ ਇਹ ਐਲਾਨ ਕੀਤਾ। ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਮੰਗ 'ਤੇ ਮਰਨ ਵਰਤ ਖ਼ਤਮ ਕਰ ਦਿੱਤਾ ਗਿਆ ਹੈ।
ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਖ਼ਤਮ ਕਰਨ ਤੋਂ ਬਾਅਦ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਦਾ ਸੁਆਗਤ ਕੀਤਾ ਹੈ। ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਤੁਹਾਡੀਆਂ ਮੰਗਾਂ ਕੇਂਦਰ ਤੋਂ ਹਨ ਤੇ ਇਸ ਨੂੰ ਲੈ ਕੇ ਪੰਜਾਬ ਵਿੱਚ ਮਾਹੌਲ ਖ਼ਰਾਬ ਨਾ ਕੀਤਾ ਜਾਵੇ।
ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਪੰਜਾਬ ਦੇ ਵਿਧਾਇਕਾਂ ਮੰਤਰੀਆਂ ਤੇ ਮੁੱਖ ਮੰਤਰੀ ਦੇ ਘਰ ਕੀਤੇ ਪ੍ਰਦਰਸ਼ਨਾਂ ਨੂੰ ਲੈ ਕੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਹਰ ਵਾਰ ਕਿਸਾਨਾਂ ਨੂੰ ਕਹਿੰਦੇ ਹਾਂ ਕਿ ਹਰ ਮਸਲੇ ਦਾ ਹੱਲ ਬੈਠ ਕੇ ਹੁੰਦਾ ਹੈ ਇਸ ਤਰੀਕੇ ਨਾਲ ਸੜਕਾਂ ਰੋਕਣੀਆਂ ਜਾਂ ਪ੍ਰਦਰਸ਼ਨ ਕਰਨੇ ਸਹੀ ਨਹੀਂ ਹਨ।
ਜ਼ਿਕਰ ਕਰ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਖ਼ਤਮ ਕਰਦਿਆਂ ਵੱਡਾ ਖ਼ੁਲਾਸਾ ਕੀਤਾ ਕਿ ਸਰਕਾਰ ਨੇ ਸਾਡੇ 'ਤੇ ਬਹੁਤ ਵੱਡਾ ਹਮਲਾ ਕੀਤਾ ਹੈ। ਲਹਿਰ ਚੱਲ ਰਹੀ ਹੈ, ਜਾਰੀ ਰਹੇਗੀ ਤੇ ਅੰਤ ਤੱਕ ਜਾਰੀ ਰਹੇਗੀ। ਆਪ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਸਰਕਾਰ ਇਹ ਕਿਉਂ ਕਹਿ ਰਹੀ ਹੈ ਕਿ ਸੜਕ ਖੋਲ੍ਹਣਾ ਉਦਯੋਗਪਤੀਆਂ ਦੀ ਮੰਗ ਸੀ, ਉਨ੍ਹਾਂ ਨੇ ਆਪਣੇ ਸੁਪਰੀਮੋ ਨੂੰ ਬਚਾਉਣ ਅਤੇ ਲੁਧਿਆਣਾ ਸੀਟ ਜਿੱਤਣ ਲਈ ਇੱਕ ਵਿਕਾਊ ਸੌਦਾ ਕੀਤਾ ਹੈ। ਦਿੱਲੀ ਹਾਰਨ ਤੋਂ ਬਾਅਦ, ਆਪ ਸਰਕਾਰ ਘਬਰਾ ਗਈ ਸੀ, ਉਨ੍ਹਾਂ ਨੂੰ ਡਰ ਸੀ ਕਿ ਸੁਪਰੀਮੋ ਜੇਲ੍ਹ ਜਾ ਸਕਦਾ ਹੈ। ਉਸਨੂੰ ਬਚਾਉਣ ਤੇ ਰਾਜ ਸਭਾ ਵਿੱਚ ਭੇਜਣ ਲਈ ਕਿਸਾਨਾਂ 'ਤੇ ਹਮਲੇ ਕੀਤੇ ਗਏ ਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅੱਗੇ ਝੁਕ ਕੇ ਆਪਣਾ ਸਿਰ ਝੁਕਾ ਲਿਆ।
ਡੱਲੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਸਿਰਫ਼ ਕਿਸਾਨਾਂ 'ਤੇ ਹਮਲਾ ਕੀਤਾ ਹੈ, ਸਗੋਂ ਪੂਰੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਸ ਸਰਕਾਰ ਨੂੰ ਨਾ ਤਾਂ ਧੀਆਂ, ਨਾ ਮਾਵਾਂ ਤੇ ਨਾ ਹੀ ਬਜ਼ੁਰਗਾਂ ਦੇ ਸਤਿਕਾਰ ਬਾਰੇ ਪਤਾ ਹੈ। ਉਨ੍ਹਾਂ ਨੇ ਸਾਡੀਆਂ ਧੀਆਂ ਨੂੰ ਵਿਰੋਧ ਕਰਨ ਤੋਂ ਰੋਕਣ ਲਈ ਥੱਪੜ ਵੀ ਮਾਰੇ।"