ਰੌਬਟ ਦੀ ਰਿਪੋਰਟ


ਚੰਡੀਗੜ੍ਹ: ਹਰਿਆਣਾ (Haryana) ਦੇ ਕਰਨਾਲ (Karnal) 'ਚ SDM ਵੱਲੋਂ ਸਖ਼ਤ ਆਦੇਸ਼ ਦੇਣ ਮਗਰੋਂ ਕਿਸਾਨਾਂ (Farmers) 'ਤੇ ਕੀਤੇ ਗਏ ਲਾਠੀਚਾਰਜ (LathiCharge) ਦੀ ਅਕਾਲੀ ਲੀਡਰ (Akali Dal Leader) ਤੇ ਸਾਬਕਾ ਕੇਂਦਰ ਮੰਤਰੀ ਹਰਸਿਮਰਤ ਬਾਦਲ (Harsimrat Kaur Badal) ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਨੇ ਫੇਸਬੁੱਕ ਪੋਸਟ ਰਾਹੀਂ ਇਸ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ।

ਹਰਸਿਮਰਤ ਬਾਦਲ ਨੇ ਮੋਦੀ ਸਰਕਾਰ ਨੂੰ ਸੁਆਲ ਕਰਦੇ ਹੋਏ ਕਿਹਾ, "ਕਿਸਾਨਾਂ ਦੇ ਸਿਰ ਭੰਨ੍ਹਣ ਦਾ ਆਦੇਸ਼ ਪ੍ਰਦਰਸ਼ਨ ਤੋਂ ਪਹਿਲਾਂ ਹੀ ਦਿੱਤਾ ਗਿਆ ਜਿਸ ਦਾ ਸਾਫ ਮਤਲਬ ਹੈ ਕਿ ਸਰਕਾਰ ਨੇ ਪਹਿਲਾਂ ਹੀ ਤਿਆਰੀ ਕੀਤੀ ਸੀ ਕਿ ਕਿਸਾਨਾਂ ਨੂੰ ਮਾਰਿਆ ਕੁੱਟਿਆ ਜਾਏ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਇਹ ਆਦੇਸ਼ ਹਾਈ ਕਮਾਂਡ ਦੀ ਮਰਜ਼ੀ ਤੋਂ ਬਿਨ੍ਹਾਂ ਹੀ ਦਿੱਤੇ ਗਏ।"

ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਾਹੀਂ ਬੀਬਾ ਹਰਸਿਮਰਤ ਬਾਦਲ ਨੇ ਕਿਹਾ, "ਇਸ ਤੋਂ ਵੱਡਾ ਅਪਰਾਧਿਕ ਐਕਟ ਕੀ ਹੋ ਸਕਦਾ ਹੈ? ਜਿਨ੍ਹਾਂ ਅਫ਼ਸਰਾਂ ਨੂੰ ਲਾਅ ਐਂਡ ਆਡਰ ਬਣਾਉਣਾ ਚਾਹੀਦਾ ਓਹੀ ਆਪਣੇ ਹੌਲਦਾਰਾਂ ਨੂੰ ਆਦੇਸ਼ ਦੇ ਰਿਹਾ ਹੈ ਕਿ ਲੋਕਾਂ ਦੇ ਸਿਰ ਪਾੜ ਦਿਓ। ਇੱਕ ਕਿਸਾਨ ਦੀ ਮੌਤ ਹੋ ਗਈ ਤੇ ਘਟਨਾ ਦੇ ਦੋ ਦਿਨ ਬਾਅਦ ਵੀ ਕੇਂਦਰ ਦੀ ਸਰਕਾਰ ਚੁੱਪ ਧਾਰੀ ਬੈਠੀ ਹੈ।"

ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, "ਉਹ ਗੁਨਾਹਗਾਰ ਕਿਵੇਂ ਨਹੀਂ? ਕਰਨਾਲ ਦੇ ਐਸਡੀਐਮ ਦਾ ਵੀਡੀਓ ਹੀ ਉਸ ਵਿਰੁੱਧ ਐਫ਼ਆਈਆਰ ਤੇ ਨੌਕਰੀ ਤੋਂ ਬਰਖ਼ਾਸਤਗੀ ਲਈ ਬਹੁਤ ਵੱਡਾ ਸਬੂਤ ਹੈ, ਜਿਸ 'ਚ ਉਹ ਪੁਲਿਸ ਨੂੰ ਹੁਕਮ ਚਾੜ੍ਹਦਾ ਹੋਇਆ ਕਹਿ ਰਿਹਾ ਹੈ, "ਇਨ ਕਿਸਾਨੋਂ ਕਾ ਸਰ ਫੋੜ ਦੋ।" ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਇੱਕ ਕਿਸਾਨ ਪਹਿਲਾਂ ਹੀ ਦਮ ਤੋੜ ਚੁੱਕਿਆ ਹੈ। ਅਦਾਲਤ ਨੂੰ ਬਿਨਾਂ ਹੋਰ ਸਮਾਂ ਗੁਆਏ ਆਪਣੇ ਆਧਾਰ 'ਤੇ ਹੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪਹਿਲਾਂ ਭਾਰਤ ਸਰਕਾਰ ਅੰਨਦਾਤਾ ਨੂੰ ਅਪਮਾਨਜਨਕ ਨਾਂ ਲੈ ਕੇ ਭੰਡਦੀ ਰਹੀ ਤੇ ਹੁਣ ਸ਼ਰੇਆਮ ਉਨ੍ਹਾਂ ਉੱਤੇ ਹਿੰਸਕ ਤਸ਼ੱਦਦ ਦੀ ਆਗਿਆ ਦੇ ਰਹੀ ਹੈ। ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਇਹ ਬੇਹੱਦ ਘਿਨਾਉਣਾ ਵਰਤਾਰਾ ਹੈ!"



 




ਉਨ੍ਹਾਂ ਕਿਹਾ ਕਿ, "ਹਰਿਆਣਾ ਦੀ ਸਰਕਾਰ ਨੇ ਕਲੀਨ ਚਿੱਟ ਦੇ ਦਿੱਤਾ ਕਿ ਪੱਥਰ ਸੁੱਟਿਆ ਗਿਆ ਸੀ। 10 ਮਹੀਨੇ ਤੋਂ ਕਿਸਾਨ ਬੈਠੇ ਨੇ ਆਪਣੀ ਗੱਲ ਸ਼ਾਂਤਮਈ ਢੰਗ ਨਾਲ ਪਹੁੰਚਾ ਰਹੇ ਹਨ। ਉਨ੍ਹਾਂ ਵੱਲੋਂ ਕੋਈ ਹਿੰਸਾ ਦੀ ਘਟਨਾ ਨਹੀਂ ਕੀਤੀ ਗਈ।"

ਹਰਸਿਮਰਤ ਬਾਦਲ ਨੇ ਕਿਹਾ, "ਉਹ ਸਰਕਾਰ ਜੋ ਪਹਿਲਾਂ ਲੋਕਾਂ ਦੇ ਪੈਰਾਂ 'ਚ ਡਿੱਗ-ਡਿੱਗ ਕਿ ਕੁਰਸੀ ਤੇ ਬੈਠੀ ਹੈ ਅੱਜ ਉਹੀ ਲੋਕਾਂ ਨੂੰ ਡਾਂਗਾ ਨਾਲ ਕੁੱਟ ਰਹੀ ਹੈ। ਜੇ ਕਾਲੇ ਕਾਨੂੰਨ ਵਾਪਸ ਨਾ ਹੋਏ ਤੇ ਕਿਸਾਨਾਂ ਦੀ ਸੁਣਵਾਈ ਨਾ ਹੋਈ ਤਾਂ ਚੋਣਾਂ ਦੂਰ ਨਹੀਂ, ਜਿਸ ਤਰ੍ਹਾਂ ਤੁਸੀਂ ਕੁੱਟ-ਕੁੱਟ ਕੇ ਕਿਸਾਨਾਂ ਦੇ ਸਿਰ ਭੰਨੇ ਉਸੇ ਤਰ੍ਹਾਂ ਇਹ ਬਟਨ ਦਬ-ਦਬ ਕਿ ਤੁਹਾਨੂੰ ਕੁਰਸੀ ਤੋਂ ਰਵਾਨਾ ਵੀ ਕਰਨਗੇ।"

ਉਨ੍ਹਾ ਕਿਹਾ ਕਿ ਜੇ ਅਜੇ ਵੀ ਸਰਕਾਰ ਨੇ ਕੋਈ ਐਕਸ਼ਨ ਨਾ ਲਿਆ ਤਾਂ ਸਾਫ ਹੋ ਜਾਏਗਾ ਕਿ ਦੇਸ਼ ਵਿੱਚ ਸੰਵਿਧਾਨ ਭੰਗ ਹੋ ਚੁੱਕਾ ਹੈ ਤੇ ਇੱਥੇ ਤਾਨਾਸ਼ਾਹੀ ਚੱਲ ਰਹੀ ਹੈ।