ਕਾਂਗਰਸ 'ਤੇ ਖੁੱਲ੍ਹ ਕੇ ਵਰ੍ਹੀ ਹਰਸਿਮਰਤ ਬਾਦਲ
ਏਬੀਪੀ ਸਾਂਝਾ | 16 Jan 2019 04:48 PM (IST)
ਚੰਡੀਗੜ੍ਹ: ਦਿੱਲੀ ਵਿੱਚ ਅੱਜ ਸ਼ੀਲਾ ਦਿਕਸ਼ਿਤ ਵੱਲੋਂ ਪ੍ਰਦੇਸ਼ ਪ੍ਰਧਾਨਗੀ ਦਾ ਅਹੁਦਾ ਸੰਭਲਣ ਮੌਕੇ ਸਟੇਜ 'ਤੇ ਜਗਦੀਸ਼ ਟਾਈਟਲਰ ਦੀ ਮੌਜ਼ੂਦਗੀ ਤੋਂ ਸ਼੍ਰੋਮਣੀ ਅਕਾਲੀ ਦਲ ਭੜਕ ਗਿਆ ਹੈ। ਇਸ ਬਾਰੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਗਾਂਧੀ ਪਰਿਵਾਰ ਟਾਈਟਲਰ ਤੇ ਕਮਲ ਨਾਥ ਨੂੰ ਬਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਸਹੁੰ ਚੁਕਵਾਈ ਸੀ। ਉਨ੍ਹਾਂ ਕਿਹਾ ਕਿ ਹੁਣ ਸਪਸ਼ਟ ਹੈ ਕਿ 1984 ਸਿੱਖ ਕਤਲੇਆਮ ਦਾ ਜਿੰਮੇਵਾਰ ਗਾਂਧੀ ਪਰਿਵਾਰ ਹੈ। ਇਨ੍ਹਾਂ ਖਿਲਾਫ ਸਾਰੇ ਗਵਾਹ ਹਨ ਪਰ ਫਿਰ ਵੀ ਕਾਂਗਰਸ ਕਾਰਵਾਈ ਨਹੀਂ ਹੋਣ ਦੇ ਰਹੀ। ਕਾਂਗਰਸ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਬਚਾਏ ਉਨ੍ਹਾਂ ਦਾ ਸਾਥ ਦੇ ਰਹੀ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਸਿੱਖਾਂ ਨੂੰ ਮਾਰਨ ਵਾਲੀ ਕਾਂਗਰਸ ਪੰਜਾਬ ਵਿੱਚੋਂ ਸਿੱਖਾਂ ਦੀ ਵੋਟ ਹਾਸਲ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਤੋਹਫਾ 70 ਸਾਲ ਬਾਅਦ ਮੋਦੀ ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਹੈ। ਕੈਪਟਨ ਤਾਂ ਪਾਕਿਸਤਾਨ ਸਰਕਾਰ ਦਾ ਸੱਦਾ ਪੱਤਰ ਆਉਣ 'ਤੇ ਵੀ ਪਾਕਿਸਤਾਨ ਨਹੀਂ ਗਏ।