Lok Sabha Election:ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੂੰ ਬਠਿੰਡਾ ਲੋਕ ਸਭਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਬਾਅਦ ਬਠਿੰਡਾ ਤੋਂ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪ੍ਰਤੀਕਿਰਿਆ ਦਿੱਤੀ ਹੈ।


ਤੁਹਾਨੂੰ ਦੱਸ ਦੇਈਏ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਲੰਬੀ ਹਲਕੇ ਤੋਂ ਵਿਧਾਇਕ ਬਣ ਕੇ ਖੇਤੀਬਾੜੀ ਮੰਤਰੀ ਬਣ ਗਏ ਸਨ। ਵੀਰਵਾਰ ਦੁਪਹਿਰ ਨੂੰ ਜਾਰੀ ਸੂਚੀ ਵਿੱਚ ਗੁਰਮੀਤ ਸਿੰਘ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਨੇ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।


ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਘਰਾਂ ਦੇ ਨੌਜਵਾਨਾਂ ਨੂੰ ਟਿਕਟਾਂ ਦੇਣ ਦਾ ਦਾਅਵਾ ਕਰਨ ਵਾਲੀ ਆਪ ਸਰਕਾਰ ਨੇ ਆਪਣੇ ਹੀ ਮੰਤਰੀਆਂ ਨੂੰ ਟਿਕਟਾਂ ਦੇ ਦਿੱਤੀਆਂ ਹਨ। ਇਸ ਮੌਕੇ ਬਾਦਲ ਨੇ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਟਿਕਟ ਦਿੱਤੇ ਜਾਣ ਤੇ ਕਿਹਾ ਕਿ ਜਦੋਂ ਹੁਣ ਮੰਤਰੀ ਪਿੰਡਾਂ ਵਿੱਚ ਜਾਣਗੇ ਤਾਂ ਲੋਕ ਉਨ੍ਹਾਂ ਤੋਂ ਖ਼ਰਾਬ ਹੋਈਆਂ ਫਸਲਾਂ ਦੇ ਮੁਆਵਜੇ ਬਾਰੇ ਸਵਾਲ ਕਰਨਗੇ।


ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਆਏ ਗੁਰਪ੍ਰੀਤ ਸਿੰਘ ਜੀਪੀ ਨੂੰ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ਹੈ ਜਿਸ ਤੋਂ ਬਾਅਦ ਬਾਦਲ ਨੇ ਕਿਹਾ ਕਿ ਜੇਪੀ ਨੂੰ ਟਿਕਟ ਮਿਲਣ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ ਇਕੱਠੇ ਹਨ।


ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਲੋਕ ਸਭਾ ਸੀਟਾਂ ਲਈ ਆਪਣੀ ਪਹਿਲੀ ਸੂਚੀ ਵਿੱਚ 8 ਲੋਕ ਸਭਾ ਸੀਟਾਂ ‘ਤੇ ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਹੈ। ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਖਡੂਰ ਸਾਹਿਬ ਤੋਂ ਲਾਲਜੀਤ ਭੁੱਲਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਲੰਧਰ ਤੋਂ ਮੌਜੂਦਾ ਸਾਂਸਦ ਸੁਸ਼ੀਲ ਰਿੰਕੂ ਤੇ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਫ਼ਰੀਦਕੋਟ ਹਲਕੇ ਤੋਂ ਕਰਮਜੀਤ ਅਨਮੋਲ ਤੇ ਬਠਿੰਡਾ ਹਲਕੇ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ, ਇਸ ਦੇ ਨਾਲ ਹੀ ਸੰਗਰੂਰ ਤੋਂ ਮੰਤਰੀ ਮੀਤ ਹੇਅਰ ਨੂੰ ਤੇ ਪਟਿਆਲਾ ਤੋਂ ਡਾ ਬਲਬੀਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।