ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ (ਅਕਾਲੀ ਦਲ ਬਾਦਲ) ਚੋਣ ਨਿਸ਼ਾਨ ਤੱਕੜੀ ਦੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੱਕੜੀ ਨਾਲ ਤੁਲਨਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਬਾ ਗੁਰੂ ਨਾਨਕ ਦੇਵ ਜੀ ਦੀ ਤੱਕੜੀ ਨਾਲ ਬਾਦਲਾਂ ਦੀ ਤੱਕੜੀ ਦੀ ਤੁਲਨਾ ਕਰਨਾ ਜਿੱਥੇ ਭਾਰਤੀ ਚੋਣ ਵਿਵਸਥਾ ਦੀ ਉਲੰਘਣਾ ਹੈ, ਉੱਥੇ ਹੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਹਿਰਦੇ ਨਾਲ ਕੀਤਾ ਖਿਲਵਾੜ ਹੈ।
ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾ ਨਾਲ ਖਿਲਵਾੜ ਕਰਨ ਵਾਲੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ 'ਤੇ ਤਲਬ ਕੀਤਾ ਜਾਵੇ ਅਤੇ ਬੀਬਾ ਬਾਦਲ ਸਿੱਖ ਸੰਗਤ ਕੋਲੋਂ ਤੁਰੰਤ ਮੁਆਫ਼ੀ ਮੰਗਣ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਅਤੇ ਪੰਜਾਬ ਦੇ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਰਾਜਨੀਤਿਕ ਮੁਫ਼ਾਦਾਂ ਲਈ ਧਾਰਮਿਕ ਭਾਵਨਾ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੋਕ ਸਭਾ ਮੈਂਬਰ ਅਤੇ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਰਾਜਨੀਤਿਕ ਚੋਣ ਨਿਸ਼ਾਨ ਤੱਕੜੀ ਦੀ ਜਗਤ ਗੁਰੂ ਨਾਨਕ ਦੇਵ ਜੀ ਦੀ ਸੱਚੀ ਸੁੱਚੀ ਕਮਾਈ ਵਾਲੀ ਤੱਕੜੀ ਨਾਲ ਤੁਲਨਾ ਕਰਦਿਆਂ ਕਿਹਾ ਗਿਆ, ''ਸਾਡੇ ਵਾਸਤੇ ਆਹ ਤੱਕੜੀ (ਚੋਣ ਨਿਸ਼ਾਨ), ਇਹ ਗੁਰੂ ਨਾਨਕ ਸਾਹਿਬ ਦੀ ਤੱਕੜੀ ਤੋਂ ਘੱਟ ਅਹਿਮੀਅਤ ਨਹੀਂ ਰੱਖਦੀ। ਇਹ ਤੱਕੜੀ ਸਾਨੂੰ ਯਾਦ ਦਿਵਾਉਂਦੀ ਹੈ, ਜੇ ਲੋਕਾਂ ਨੇ ਇਸ ਤੱਕੜੀ 'ਤੇ ਵਿਸ਼ਵਾਸ ਕੀਤਾ ਤਾਂ ਬਾਬੇ ਨਾਨਕ ਦੀ ਤੱਕੜੀ ਨਾਲ ਉਨ੍ਹਾਂ ਦੇ ਵਿਸ਼ਵਾਸ ਦਾ ਮੁੱਲ ਸੌ ਗੁਣਾ ਵੱਧ ਕਰਕੇ ਮੋੜਿਆ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ''ਜਿਸ ਪਾਰਟੀ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੋਵੇ। ਇਨਸਾਫ਼ ਮੰਗਦੀ ਸਿੱਖ ਸੰਗਤ 'ਤੇ ਗੋਲੀਆਂ ਵਰਾਈਆਂ ਗਈਆਂ ਹੋਣ। ਪਾਰਟੀ ਦੇ ਆਗੂਆਂ 'ਤੇ ਪੰਜਾਬ ਦੀ ਜਵਾਨੀ ਦੀ ਨਸ਼ੇ ਦੇ ਰਾਹ ਪਾਉਣ ਦੇ ਦੋਸ਼ ਲੱਗੇ ਹੋਣ। ਜਿਸ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਰੁਤਬੇ ਨੂੰ ਆਪਣੇ ਨਿੱਜੀ ਮੁਫ਼ਾਦਾਂ ਲਈ ਵਰਤਿਆ ਹੋਵੇ ਅਤੇ ਸਿੱਖ ਰਹੁਰੀਤਾਂ ਦਾ ਰੱਜ ਕੇ ਘਾਣ ਕੀਤਾ ਹੋਵੇ। ਉਸ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ਨੂੰ ਜਗਤ ਗੁਰੂ ਬਾਬਾ ਨਾਨਕ ਦੇਵ ਦੀ ਤੱਕੜੀ ਨਾਲ ਤੁਲਨਾ ਕਰਨਾ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੀਤਾ ਗਿਆ ਬਹੁਤ ਵੱਡਾ ਅਪਰਾਧ ਹੈ।
ਇਸ ਨਾਲ ਦੇਸ਼ ਵਿਦੇਸ਼ 'ਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਹਿਰਦੇ 'ਤੇ ਡੂੰਘੀ ਠੇਸ ਪਹੁੰਚੀ ਹੈ।' ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨਾਲ ਕਿਸੇ ਵੀ ਤਰ੍ਹਾਂ ਦੀ ਤੁਲਨਾ ਕਰਨ ਬਾਰੇ ਤਾਂ ਸਿੱਖ ਸੋਚ ਵੀ ਨਹੀਂ ਸਕਦਾ, ਤੁਲਨਾ ਕਰਨਾ ਤਾਂ ਬਹੁਤ ਦੂਰ ਹੈ। ਸੰਧਵਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਇਸ ਦੇ ਆਗੂ ਪੰਜਾਬ ਦੇ ਸਮੂਹ ਲੋਕਾਂ ਅਤੇ ਸਿੱਖ ਸੰਗਤ ਵਿੱਚ ਆਪਣਾ ਵਿਸ਼ਵਾਸ ਖੋ (ਗੁਆ) ਚੁੱਕੇ ਹਨ। ਜਿਸ ਕਾਰਨ ਇਹ ਅਕਾਲੀ ਆਗੂ ਆਪਣੇ ਰਾਜਨੀਤਿਕ ਮੁਫ਼ਾਦਾਂ ਲਈ ਸਿੱਖ ਧਰਮ ਦੇ ਅਕੀਦਿਆਂ ਅਤੇ ਰਹੁਰੀਤਾਂ ਦੀ ਵਰਤੋਂ ਕਰਨ ਲੱਗੇ ਹਨ ਤਾਂ ਜੋ ਸਿੱਖ ਵੋਟਰਾਂ ਦੀ ਧਾਰਮਿਕ ਭਾਵਨਾ ਨਾਲ ਖਿਲਵਾੜ ਕਰਕੇ ਵੋਟਾਂ ਬਟੋਰੀਆਂ ਜਾਣ।