ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਕਲੇਸ਼ ਦਰਮਿਆਨ ਸ਼ਨੀਵਾਰ ਨੂੰ ਪੰਜਾਬ ਦੇ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਜਿੱਥੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਇਸ ਦੇ ਨਾਲ ਹੀ ਦੂਜੇ ਪਾਸੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਵੀ ਕਈ ਵੱਡੇ ਕਾਂਗਰਸੀ ਲੀਡਰਾਂ ਨਾਲ ਮੀਟਿੰਗ ਕੀਤੀ। ਦੱਸ ਦਈਏ ਕਿ ਸਿੱਧੂ ਨੇ ਪਹਿਲਾਂ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਸੁਖਜਿੰਦਰ ਰੰਧਾਵਾ, ਲਾਲ ਸਿੰਘ ਵਰਗੇ ਨੇਤਾਵਾਂ ਨਾਲ ਵੀ ਖੁਸ਼ਨੁਮਾ ਮਾਹੌਲ 'ਚ ਮੁਲਾਕਾਤ ਕੀਤੀ।


ਇਨ੍ਹਾਂ ਸਭ ਮੁਲਾਕਾਤਾਂ ਤੋਂ ਬਾਅਦ ਪੰਜਾਬ ਦਾ ਸਿਆਸੀ ਪਾਰਾ ਵਧ ਗਿਆ ਹੈ। ਸੂਬੇ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਵੀ ਹਨ ਇਸ ਲਈ ਹਰ ਪਾਰਟੀ ਆਪਣੇ ਮਤਭੇਦ ਖ਼ਤਮ ਕਰ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ 'ਚ ਹੈ। ਉਧਰ ਕਾਂਗਰਸ ਦੇ ਇਸ ਕਲੇਸ਼ 'ਤੇ ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨੇਤਾਵਾਂ ਨੂੰ ਆਪਣੀ ਕੁਰਸੀ ਦੀ ਫਿਕਰ ਹੈ ਇਸ ਲਈ ਉਹ ਆਪਸ 'ਚ ਹੀ ਲੜ ਰਹੇ ਹਨ।


ਉਧਰ ਤਿਕਸ਼ਨ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮੁੱਦੇ 'ਤੇ ਫੇਲ੍ਹ ਸਾਬਤ ਹੋਈ ਹੈ ਅਤੇ ਹੁਣ ਪੰਜਾਬ ਦਾ ਅਹਿਮ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕਾਂਗਰਸ ਇਹ ਸਭ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਥਾਂ-ਥਾਂ ਪ੍ਰਦਰਸ਼ਨ ਹੋ ਰਹੇ ਹਨ, ਚੋਣਾਂ ਦਾ ਸਾਲ ਹੈ ਇਸ ਸਾਲ ਵੀ ਕੋਈ ਵਿਕਾਸ ਕਾਰਜ ਨਹੀਂ ਕੀਤਾ ਜਾ ਰਿਹਾ।


ਉਧਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਦੇ ਵਿਰੋਧ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵਲੋਂ ਲਿਖੀ ਚਿੱਠੀ 'ਤੇ ਮਹੇਸ਼ ਇੰਦਰ ਗਰੇਵਾਲ ਅਕਾਲੀ ਨੇਤਾ ਨੇ ਦਿੱਤਾ ਵੱਡਾ ਬਿਆਨ ਦਿੱਤਾ ਹੈ। ਅਕਾਲੀ ਨੇਤਾ ਦਾ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਦੇ ਰਿਸ਼ਤੇ ਪਾਕਿਸਤਾਨ ਦੇ ਨਾਲ ਹਨ ਅਜਿਹੇ ਵਿੱਚ ਦੇਸ਼ ਨੂੰ ਵੱਡਾ ਖ਼ਤਰਾ ਹੋ ਸਕਦਾ ਹੈ ਕਿਉਂਕਿ ਪਾਕਿਸਤਾਨ ਦੀ ਸੀਮਾ ਪੰਜਾਬ ਦੇ ਨਾਲ ਲੱਗਦੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਨਾਲ ਦੋਸਤੀ ਜੱਗ ਜ਼ਾਹਿਰ ਹੈ


ਅਕਾਲੀ ਨੇਤਾ ਮਹੇਸ਼ਇੰਦਰ ਗਰੇਵਾਲ ਨੇ ਚਿੰਤਾ ਜਤਾਈ ਕਿ ਇਨ੍ਹਾਂ ਦੀ ਆਪਸੀ ਟਕਰਾਅ ਨਾਲ ਪੰਜਾਬ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਦੂਸਰੇ ਪਾਸੇ ਬੀਜੇਪੀ ਦੇ ਵਪਾਰ ਮੰਡਲ ਦੇ ਪ੍ਰਧਾਨ ਦਿਨੇਸ਼ ਸਰਪਾਲ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਅਸਲ ਵਿਚ ਇੱਕ ਸੈਲੀਬ੍ਰਿਟੀ ਹੈ ਜੋ ਕਿ ਕਿਸੇ ਵੀ ਵਿਚਾਰਧਾਰਾ ਦੇ ਨਾਲ ਨਹੀਂ ਜੁੜਿਆ ਹੋਇਆ ਅਜਿਹੇ ਵਿਚ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਕਾਫੀ ਕਾਂਗਰਸੀ ਵੱਡੇ ਲੀਡਰ ਕਾਂਗਰਸ ਨੂੰ ਛੱਡ ਕੇ ਬੀਜੇਪੀ ਨੂੰ ਜੁਆਇਨ ਕਰ ਸਕਦੇ ਹਨ


ਇਸ ਦੇ ਨਾਲ ਹੀ ਰਾਜਪੂਰਾ ਤੋਂ ਕਾਂਗਰਸ ਦੇ ਵਿਧਾਇਕ ਹਰਦਿਆਲ ਕੰਬੋਜ ਨੇ ਕਿਹਾ ਕਿ ਕੈਪਟਨ ਨੇ ਕੋਈ ਚਿੱਠੀ ਨਹੀਂ ਲਿਖੀ। ਇਹ ਸਭ ਮੀਡੀਆ ਵਲੋਂ ਫੈਲਾਈ ਗਈ ਅਫ਼ਵਾਹ ਹੈ। ਉਨ੍ਹਾਂ ਕਿਹਾ ਕਿ ਕਾਂਗਰਸ 'ਚ ਕੋਈ ਗੁੱਟਬਾਜ਼ੀ ਨਹੀਂ ਹੈ ਨਾਲ ਹੀ ਹਾਈ ਕਮਾਨ ਦਾ ਫੈਸਲਾ ਸਭ ਨੂੰ ਮੰਜ਼ੂਰ ਹੈ।


ਇਹ ਵੀ ਪੜ੍ਹੋ: Weather Update: ਦਿੱਲੀ ਵਿੱਚ ਭਾਰੀ ਬਾਰਸ਼ ਦੀ ਸੰਭਾਵਨਾ, ਇਨ੍ਹਾਂ 2 ਸੂਬਿਆਂ ਵਿੱਚ ਰੈਡ ਅਲਰਟ, ਜਾਣੋ ਉੱਤਰੀ ਭਾਰਤ ਦੇ ਮੌਸਮ ਦਾ ਹਾਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904