Punjab News: ਵਿਧਾਨ ਸਭਾ ਦੀ ਕਾਰਵਾਈ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾੜ੍ਹੀ ਨੂੰ ਲੈ ਕੇ ਦਿੱਤੇ ਬਿਆਨ ਦੀ ਹੁਣ ਵਿਰੋਧੀ ਧਿਰ ਵੱਲੋਂ ਜਮ ਕੇ ਮੁਖਾਲਫਤ ਹੋ ਰਹੀ ਹੈ। ਵਿਰੋਧੀ ਧਿਰਾਂ ਵੱਲੋਂ ਮਾਨ ਦੇ ਇਸ ਇਸ ਬਿਆਨ ਨੂੰ ਸ਼ਰਮਨਾਕ ਦੱਸ ਕੇ ਮੁਆਫ਼ੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਿਚਾਲੇ ਹੁਣ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅਪੀਲ ਕੀਤੀ ਹੈ ਕਿ ਸਾਰੀ ਸੰਗਤ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ, "ਮੈਨੂੰ ਯਕੀਨ ਹੀ ਨਹੀ ਆ ਰਿਹਾ ਕਿ ਦਸਮੇਸ਼ ਪਿਤਾ ਵੱਲੋਂ ਬਖਸ਼ੀ ਖ਼ਾਲਸਾਈ ਪਹਿਚਾਣ ਦੇ ਅਨਿੱਖੜਵੇਂ ਅੰਗ ਦਾਹੜਾ ਸਾਹਿਬ ਦੀ ਕਿਸੇ ਨਾਸਤਿਕ ਹੰਕਾਰੀ ਹੁਕਮਰਾਨ ਵੱਲੋਂ ਭਰੀ ਦੁਨੀਆ ਸਾਹਮਣੇ ਚਿੱਟੇ ਦਿਨ ਇਸ ਤਰਾਂ ਸ਼ਰ੍ਹੇਆਮ ਖਿੱਲੀ ਉਡਾਈ ਜਾਵੇ ਤੇ ਅਸੀ ਸਾਰੇ ਸਿੱਖ ਚੁੱਪ ਕਰਕੇ ਬੈਠ ਜਾਈਏ ? ਸਾਰੀ ਸੰਗਤ ਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਹੈ।
ਬਾਦਲ ਨੇ ਕਿਹਾ, ਕੀ ਇਹ ਹੈ ਗੁਰੂ ਵੱਲੋ ਬਖਸ਼ੇ ਪਾਵਨ ਕਕਾਰ ਉਤੇ ਖਾਲਸਾਈ ਅਣਖ ਜਿਸ ਦੀ ਰਾਖੀ ਲਈ ਸਿੰਘ ਪੁੱਠੀਆਂ ਖੱਲਾਂ ਤੱਕ ਲਹਾ ਗਏ? ਕੀ ਦਸਮੇਸ਼ ਪਿਤਾ ਦੀ ਨਿਸ਼ਾਨੀ ਦੀ ਖੁੱਲੇ ਆਮ ਬੇਅਦਬੀ ਉਤੇ ਭੀ ਕੌਮ ਦਾ ਖੂਨ ਨਹੀ ਖੌਲਦਾ? ਜਾਂ ਫਿਰ ਹੁਣ ਇਹ ਖੂਨ ਸਿਰਫ਼ ਆਪਣੇ ਸਿਆਸੀ ਪੂਰਨ ਗੁਰਸਿੱਖ ਵਿਰੋਧੀਆਂ ਖਿਲਾਫ਼ ਕੂੜ ਪ੍ਰਚਾਰ ਕਰਨ ਲਈ ਹੀ ਖੌਲਦਾ ਹੈ?
ਹਰਸਿਮਰਤ ਨੇ ਕਿਹਾ ਕਿ ਇਕ ਅਜਿਹਾ ਮੁੱਖ ਮੰਤਰੀ ਜੋ ਗੁਰੂ ਵੱਲੋਂ ਬਖਸ਼ਿਸ਼ ਕੀਤੇ ਕਕਾਰਾਂ ਵਿਚ ਯਕੀਨ ਹੀ ਨਾ ਰੱਖਦਾ ਹੋਏ, ਕੇਸਾਂ ਨੂੰ ਕਤਲ ਕਰਦਾ ਹੋਏ ਤੇ ਆਪਣੀ ਦਾਹੜੀ ਰੰਗ ਕੇ ਮੂੰਹ ਕਾਲਾ ਕਰਦਾ ਹੋਏ, ਆਪਣੇ ਨਾਮ ਨਾਲ ਸਿੰਘ ਲਾਉਣ ਵਿੱਚ ਭੀ ਸ਼ਰਮ ਮਹਿਸੂਸ ਕਰਦਾ ਹੋਏ, ਉਹ ਹੰਕਾਰੀ ਮੁੱਖ ਮੰਤਰੀ ਉਸ ਪੰਜਾਬ ਦੀ ਧਰਤੀ ਤੇ ਖਲੋ ਕੇ ਨਿਧੜਕ ਹੋ ਕੇ ਗੁਰੂ ਸਾਹਿਬਾਨ ਦੀ ਨਿਸ਼ਾਨੀ ਦਾਹੜਾ ਸਾਹਿਬ ਦਾ ਨਿਰਾਦਰ ਕਰ ਜਾਏ ਜਿਹੜਾ ਪੰਜਾਬ ਜਿਉਂਦਾ ਹੀ ਗੁਰਾਂ ਦੇ ਨਾਮ ਤੇ ਹੈ - ਜੇ ਇਹ ਸਭ ਕੁਝ ਬਰਦਾਸ਼ਤ ਕਰਕੇ ਭੀ ਕੌਮ ਤੇ ਇਸ ਦੇ ਆਗੂ ਕਾਇਰਾਨਾ ਚੁੱਪ ਧਾਰੀ ਬੈਠੇ ਹਨ ਤਾਂ ਮੈਨੂੰ ਇਹ ਸੋਚ ਕੇ ਸ਼ਰਮ ਆਉਂਦੀ ਹੈ ਕਿ ਇਹ ਲੋਕ ਆਪਣੇ ਆਪ ਨੂੰ ਗੁਰੂ ਦਾ ਸਿੱਖ ਭੀ ਅਖਵਾਉਦੇ ਹਨ।
ਹਰਸਿਮਰਤ ਨੇ ਕਿਹਾ ਕਿ ਜਿਸ ਦਾਹੜਾ ਸਾਹਿਬ ਦੀ ਭਗਵੰਤ ਮਾਨ ਨੇ ਖਿੱਲੀ ਉਡਾਈ ਹੈ ਉਹ ਗੁਰੂ ਦੇ ਚਰਨਾਂ ਦੀ ਧੂੜ ਸਾਫ ਕਰੇ ਤਾਂ ਭੀ ਉਸ ਦਾ ਮਾਣ ਵਧਦਾ ਹੈ “ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍॥”। ਪਰ ਖੁਦ ਆਪਣੀ ਅਣਖ ਨੂੰ ਕਤਲ ਕਰਵਾਕੇ ਲਲਾਰੀ ਕੋਲੋ ਰੰਗਵਾਉਣ ਵਾਲੇ ਕਿਸੇ ਕਲਮੂੰਹੇੰ ਖੋਦੇ ਬੰਦੇ ਨੂੰ ਕੋਈ ਸ਼ਰਮਿੰਦਾ ਥੋਹੜੇ ਕਰ ਸਕਦਾ ਹੈ।
ਜ਼ਿਕਰ ਕਰ ਦਈਏ ਕਿ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਭਗਵੰਤ ਮਾਨ ਨੇ ਕਿਹਾ ਸੀ ਕਿ ''ਜਿਵੇਂ ਦਿਲੋਂ ਹਾਂ ਓਵੇਂ ਹੀ ਜ਼ੁਬਾਨੋਂ ਹਾਂ.. ਅਸੀਂ ਮੌਕਾ ਦੇਖ ਕੇ ਦਾਹੜੀ ਨਹੀਂ ਖੋਲ੍ਹਦੇ, ਇੰਨਾ ਪਤਾ ਕਿ ਸੱਚੇ ਹਾਂ, ਬੰਦਾ ਕੋਈ ਨੁਕਸ ਕੱਢ ਕੇ ਦਿਖਾ ਦੇਵੇ ਤਾਂ ਮੰਨ ਜਾਵਾਂਗੇ.. ਇੱਥੇ ਕੋਈ ਵੋਟਾਂ ਆ ਗਈਆਂ ਤਾਂ ਦਾਹੜੀ ਖੋਲ ਲੈਂਦੇ ਹਨ ਤੇ ਬਾਅਦ ਵਿੱਚ ਬੰਨ੍ਹ ਲੈਂਦੇ ਹਨ।'