Punjab News: ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਸਾਨਾਂ ਉੱਤੇ ਪੁਲਿਸ ਦੀ ਹੋ ਰਹੀ ਕਾਰਵਾਈ ਦਾ ਮੁੱਦਾ ਚੁੱਕਿਆ। ਉਨ੍ਹਾਂ ਇਲਜ਼ਾਮ ਲਾਇਆ ਕਿ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਉੱਤੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਧਰੁਵੀਕਰਨ ਦੀ ਰਾਜਨੀਤੀ ਕਰ ਰਹੀ ਹੈ।
ਪਰਗਟ ਸਿੰਘ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ਕਿਸਾਨਾਂ ਖ਼ਿਲਾਫ਼ ਇੱਕ ਝੂਠੀ ਧਾਰਨਾ ਬਣਾਈ ਜਾ ਰਹੀ ਹੈ ਕਿ ਉਨ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ, ਜਦਕਿ ਅਸਲ ਵਿੱਚ ਪੰਜਾਬ ਦੇ ਦੋਨੋਂ ਬਾਰਡਰ ਹਰਿਆਣਾ ਸਰਕਾਰ ਨੇ ਗੈਰ-ਸੰਵਿਧਾਨਿਕ ਤਰੀਕੇ ਨਾਲ ਬੰਦ ਕਰ ਰੱਖੇ ਸਨ।
13 ਮਹੀਨੇ ਬੀਤ ਗਏ, ਪਰ ਭਗਵੰਤ ਮਾਨ ਸਰਕਾਰ ਨੇ ਹਰਿਆਣਾ ਸਰਕਾਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਹੁਣ ਵੋਟਾਂ ਦੇ ਧਰੁਵੀਕਰਨ ਲਈ ਕਿਸਾਨਾਂ ਨੂੰ ਹੀ ਦੋਸ਼ੀ ਬਣਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ!
ਪਰਗਟ ਸਿੰਘ ਨੇ ਕਿਹਾ ਕਿ ਇਹ ਧਾਰਨਾ ਬਣਾਈ ਜਾ ਰਹੀ ਹੈ ਕਿ ਕਿਸਾਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ ਜਦੋਂ ਕਿ ਦੋਵੇਂ ਸਰਹੱਦਾਂ ਹਰਿਆਣਾ ਨੇ ਬੰਦ ਕੀਤੀਆਂ ਸਨ। ਕੀ ਕਦੇ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਸਰਹੱਦ ਖੋਲ੍ਹਣ ਦੀ ਅਪੀਲ ਕੀਤੀ ਹੈ।
ਪਰਗਟ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਉੱਤੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਧਰੁਵੀਕਰਨ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ ਵਿੱਚ ਵਪਾਰੀਆਂ ਨੂੰ ਅਣਗਿਣਤ ਧਮਕੀਆਂ ਆਈਆਂ ਹਨ, ਇਸ ਸਰਕਾਰ ਨੇ ਵਪਾਰੀਆਂ ਦਾ ਜੋ ਹਾਲ ਕੀਤਾ ਹੈ ਉਹ ਕਿਸੇ ਤੋਂ ਭੁੱਲਿਆ ਨਹੀਂ ਹੈ। ਇਸ ਮੌਕੇ ਪਰਗਟ ਸਿੰਘ ਨੇ ਇਲਜ਼ਾਮ ਲਾਇਆ ਕਿ ਭਾਜਪਾ ਸਰਕਾਰ ਨੇ ਜਿਵੇਂ ਦਿੱਲੀ ਵਿੱਚ ਮੀਡੀਆ ਨੂੰ ਕਾਬੂ ਕੀਤਾ ਹੈ, ਉਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਰ ਰਰੀ ਹੈ।