Haryana government on Chandpura Dam : ਹਰਿਆਣਾ ਅਤੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਚਾਂਦਪੁਰਾ ਬੰਨ੍ਹ ਨੂੰ ਭਰਨ ਲਈ ਹਰਿਆਣਾ ਸਰਕਾਰ ਨੇ ਇਜਾਜ਼ਤ ਦੇ ਦਿੱਤੀ ਹੈ। ਬੀਤੇ ਦਿਨ ਪੰਜਾਬ ਸਰਕਾਰ ਅਤੇ ਮਾਨਸਾ ਪ੍ਰਸ਼ਾਸਨ ਦੇ ਅਧਿਕਾਰੀ ਚਾਂਦਪੁਰਾ ਬੰਨ੍ਹ ਪੂਰਨ ਲਈ ਪਹੁੰਚੇ ਸਨ। ਪਰ ਹਰਿਆਣਾ ਸਰਕਾਰ ਨੇ ਪਾੜ ਨੂੰ ਪੂਰਨ ਨਹੀਂ ਦਿੱਤਾ, ਜਿਸ ਕਰਕੇ ਪੰਜਾਬ ਦੇ ਅਫ਼ਸਰਾਂ ਅਤੇ ਬਾਕੀ ਸਥਾਨਕ ਲੋਕਾਂ ਨੂੰ ਖਾਲੀ ਹੱਥ ਹੀ ਵਾਪਸ ਆਉਣਾ ਪਿਆ ਸੀ। 


ਇਸ ਤੋਂ ਬਾਅਦ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਏ. ਵੇਨੂੰ ਪ੍ਰਸਾਦ ਅਤੇ ਸਿੰਚਾਈ ਵਿਭਾਗ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਵੱਲੋਂ ਹਰਿਆਣਾ ਸਰਕਾਰ ਅੱਗੇ ਮੁੱਦਾ ਚੁੱਕਿਆ ਗਿਆ ਸੀ। ਪ੍ਰਿੰਸੀਪਲ ਸੈਕਟਰੀ ਏ. ਵੇਨੂੰ ਪ੍ਰਸਾਦ ਅਤੇ ਸਿੰਚਾਈ ਵਿਭਾਗ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਹਰਿਆਣਾ ਸਰਕਾਰ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਜਾਂ ਤਾਂ ਹਰਿਆਣਾ ਸਰਕਾਰ ਖੁੱਦ ਚਾਂਦਪੁਰਾ ਵਾਲਾ ਬੰਨ੍ਹ ਪੂਰੇ ਜਾਂ ਫਿਰ ਪੰਜਾਬ ਨੂੰ ਇਸ 'ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। 


ਇਸ ਤੋਂ ਬਾਅਦ ਅੱਜ ਹਰਿਆਣਾ ਸਰਕਾਰ ਨੇ ਬੰਨ੍ਹ ਨੂੰ ਪੂਰਨ ਦੀ ਸ਼ਰਤਾਂ ਤਹਿਤ ਇਜਾਜ਼ਤ ਦੇ ਦਿੱਤੀ ਹੈ। ਹਰਿਆਣਾ ਸਰਕਾਰ ਨੇ ਕਿਹਾ ਕਿ ਚਾਂਦਪੁਰਾ ਵਿੱਚ ਕੋਈ ਵੀ ਸਥਾਨਕ ਲੋਕ ਜਾਂ ਫਿਰ ਪ੍ਰਾਈਵੇਟ ਵਿਅਕਤੀ ਨਹੀਂ ਹੋਣਾ ਚਾਹੀਦਾ ਹੈ। ਪਾੜ ਨੁੰ ਪੂਰਨ ਦਾ ਕੰਮ ਸਿਰਫ਼ ਆਰਮੀ ਦੇ ਜਵਾਨ ਹੀ ਕਰਨਗੇ। ਇਸ ਤੋਂ ਇਲਾਵਾ ਮੌਕੇ 'ਤੇ ਪੰਜਾਬ ਅਤੇ ਹਰਿਆਣਾ ਪ੍ਰਸ਼ਾਸਨ ਦੇ ਅਧਿਕਾਰੀ ਹੀ ਰਹਿ ਸਕਦੇ ਹਨ। ਮਾਨਸਾ ਦੇ ਲੋਕਾਂ ਨੂੰ ਵੀ ਵਾਪਸ ਭੇਜ ਦਿੱਤਾ ਜਾਵੇ। 


ਘੱਗਰ ਦੇ ਤੇਜ਼ ਵਹਾਅ ਕਾਰਨ ਚਾਂਦੁਪਰਾ ਦੇ ਬੰਨ੍ਹ 'ਚ ਪਾੜ ਪੈ ਗਿਆ ਸੀ ਜੋ ਲਗਾਤਾਰ ਵੱਧਦਾ ਜਾ ਰਿਹਾ ਹੈ। ਚਾਂਦਪੁਰਾ ਨੇੜੇ ਹਰਿਆਣਾ ਸਰਕਾਰ ਨੇ ਆਪਣੇ ਪਾਸੇ ਧਾਰਾ 144 ਲਗਾ ਦਿੱਤੀ ਸੀ ਅਤੇ ਐਸਪੀ ਲੇਵਲ ਦੇ ਅਧਿਕਾਰੀ ਦੀ ਅਗਵਾਈ ਹੇਠ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਸੀ। ਜਿਸ ਕਰਕੇ ਕਿਸੇ ਵੀ ਵਿਅਕਤੀ ਨੂੰ ਬੰਨ੍ਹ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਸੀ। 


ਚਾਂਦਪੁਰਾ ਬੰਨ੍ਹ ਨੁੰ ਪੂਰਨ ਦਾ ਕੰਮ ਥੋੜ੍ਹੀ ਦੇਰ ਵਿੱਚ ਸ਼ੁਰੂ ਹੋ ਜਾਵੇਗਾ। ਇਸ ਦੀ ਜਾਣਕਾਰੀ ਬੁੱਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਫੌਜ ਦੇ ਅਫ਼ਸਰ ਤੇ ਬਾਕੀ ਜਵਾਨ ਚਾਂਦਪੁਰਾ ਪਹੁੰਚ ਰਹੇ ਹਨ। ਇਸ ਲਈ ਸਥਾਨਕ ਲੋਕਾਂ ਨੂੰ ਅਪੀਲ ਹੈ ਕਿ ਉਹ ਬੰਨ੍ਹ ਦੇ ਨਾਲ ਲੱਗਦੇ ਇਲਾਕੇ ਖਾਲ੍ਹੀ ਕਰ ਦੇਣ, ਬੰਨ੍ਹ ਨੇੜੇ ਕੋਈ ਹੋਰ ਵਿਅਕਤੀ ਨਾ ਜਾਵੇ।