Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਐਕਸ਼ਨ ਮੋਡ ਵਿੱਚ ਹੈ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਟੀਵੀਐਸਐਨ ਪ੍ਰਸਾਦ ਨੇ ਹੁਕਮ ਜਾਰੀ ਕਰਕੇ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਤੇ ਸਿਰਸਾ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ (Mobile internet services have been suspended) ਹਨ। ਜਾਰੀ ਹੁਕਮ ਅਨੁਸਾਰ ਇਹ ਸੇਵਾਵਾਂ 11 ਫਰਵਰੀ ਸਵੇਰ 6 ਵਜੇ ਤੋਂ 13 ਫਰਵਰੀ ਰਾਤ 11.59 ਵਜੇ ਤੱਕ ਮੁਅੱਤਲ ਰਹਿਣਗੀਆਂ।


ਉਧਰ, ਕਿਸਾਨ ਅੰਦੋਲਨ (Kisan Andolan) ਨਾਲ ਨਜਿੱਠਣ ਲਈ ਵਿਸ਼ੇਸ਼ ਪੁਲਿਸ ਟੁਕੜੀਆਂ ਲਈ ਫੁੱਲ ਬਾਡੀ ਪ੍ਰੋਟੈਕਟਰ ਗਿਅਰ ਸੂਟ ਆਰਡਰ ਕੀਤੇ ਗਏ ਹਨ ਜਿਸ ਨੂੰ ਪਹਿਨਣ ਤੋਂ ਬਾਅਦ ਜਵਾਨਾਂ ’ਤੇ ਲਾਠੀਆਂ, ਡੰਡਿਆਂ ਤੇ ਪੱਥਰਾਂ ਦਾ ਅਸਰ ਵੀ ਨਹੀਂ ਹੋਵੇਗਾ। ਸ਼ੰਭੂ ਬਾਰਡਰ ’ਤੇ ਵਿਸ਼ੇਸ਼ ਡ੍ਰੋਨ ਤਾਇਨਾਤ ਕੀਤਾ ਗਿਆ ਹੈ। ਇਸ ਡ੍ਰੋਨ ’ਤੇ ਮੀਂਹ ਦਾ ਵੀ ਕੋਈ ਅਸਰ ਨਹੀਂ ਹੋਵੇਗਾ। ਪੁਲਿਸ ਕਿਸਾਨਾਂ ਨੂੰ ਰੋਕਣ ਲਈ ਚਾਰ ਮਲਟੀ-ਬੈਰਲ ਲਾਂਚਰ ਗੰਨ ਨਾਲ ਲੈਸ ਨਵੇਂ ਵਾਹਨ ਤਾਇਨਾਤ ਕਰ ਰਹੀ ਹੈ ਜਿਨ੍ਹਾਂ ਤੋਂ ਅੱਧੀ ਦਰਜਨ ਦੇ ਕਰੀਬ ਅੱਥਰੂ ਗੈਸ ਦੇ ਗੋਲੇ ਇੱਕੋ ਵੇਲੇ ਦਾਗੇ ਜਾ ਸਕਦੇ ਹਨ।



ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ ਕਿਸਾਨੀ ਮੰਗਾਂ ਤੇ ਹੋਰ ਮਸਲਿਆਂ ਦੇ ਹੱਲ ਲਈ 13 ਫਰਵਰੀ ਨੂੰ ਦਿੱਲੀ ਚੱਲੋ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਦੇ ਮੱਦੇਨਜ਼ਰ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਪਟਿਆਲਾ ਤੇ ਅੰਬਾਲਾ ਪੁਲਿਸ ਨੇ ਹੱਦਾਂ ਸੀਲ ਕਰਕੇ ਆਵਾਜਾਈ ਨੂੰ ਬਦਲਵੇਂ ਰੂਟਾਂ ਰਾਹੀਂ ਲੰਘਾਉਣਾ ਸ਼ੁਰੂ ਕਰ ਦਿੱਤਾ ਹੈ। 


ਅੰਬਾਲਾ ਪ੍ਰਸ਼ਾਸਨ ਨੇ ਘੱਗਰ ਦਰਿਆ ’ਤੇ ਬਣੇ ਪੁਲ ਨੂੰ ਵੀ ਬੰਦ ਕਰ ਦਿੱਤਾ ਹੈ ਤੇ ਦਰਿਆ ਦੇ ਅੰਦਰ ਖ਼ੁਦਾਈ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨ ਇਸ ਵਿੱਚੋਂ ਟਰੈਕਟਰ ਲੈ ਕੇ ਨਾ ਲੰਘ ਸਕਣ। ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਅੰਬਾਲਾ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਰੈਪਿਡ ਐਕਸ਼ਨ ਫੋਰਸ (ਆਰਏਐਫ) ਦੀ ਟੁਕੜੀ ਵੀ ਸ਼ੰਭੂ ਸਰਹੱਦ ’ਤੇ ਪਹੁੰਚ ਗਈ ਹੈ। ਅੰਬਾਲਾ ਤੇ ਪਟਿਆਲਾ ਪੁਲਿਸ ਨੇ ਸ਼ੰਭੂ ਬੈਰੀਅਰ ’ਤੇ ਵੱਡੀਆਂ ਰੋਕਾਂ ਲਾ ਕੇ ਕੌਮੀ ਮਾਰਗ ਬੰਦ ਕਰ ਦਿੱਤਾ ਹੈ। 


ਪਟਿਆਲਾ ਜ਼ਿਲ੍ਹੇ ਵਿੱਚੋਂ ਹਰਿਆਣਾ ਨੂੰ ਜਾਂਦੇ ਦੋ ਹੋਰ ਪ੍ਰਮੁੱਖ ਮਾਰਗਾਂ ’ਤੇ ਸਖਤ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਇਨ੍ਹਾਂ ਦੋ ਪ੍ਰਮੁੱਖ ਮਾਰਗਾਂ ਵਿੱਚ ਪਾਤੜਾਂ ਖੇਤਰ ਵਿਚਲੇ ਢਾਬੀ ਗੁੱਜਰਾਂ ਤੇ ਸਮਾਣਾ ਹਲਕੇ ਵਿੱਚ ਚੀਕਾ ਰੋਡ ’ਤੇ ਰਾਮਨਗਰ ਦਾ ਬੈਰੀਅਰ ਸ਼ਾਮਲ ਹੈ। ਘੱਗਰ ਪੁਲ ’ਤੇ 10 ਫਰਵਰੀ ਦੀ ਸਵੇਰ ਤੋਂ ਹੀ ਆਵਾਜਾਈ ਮੁਕੰਮਲ ਰੂਪ ਵਿੱਚ ਬੰਦ ਹੋ ਚੁੱਕੀ ਹੈ।