ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਵੱਡੀ ਰਾਹਤ ਦਿੱਤੀ ਹੈ। ਹਰਿਆਣਾ ਸਰਕਾਰ ਨੇ ਰਾਮ ਰਹੀਮ ਦੀ 21 ਦਿਨਾਂ ਦੀ ਪੈਰੋਲ ਮਨਜ਼ੂਰ ਕਰ ਲਈ ਹੈ। ਡੇਰਾ ਮੁੱਖੀ ਸਜ਼ਾ ਸੁਣਾਏ ਜਾਣ ਮਗਰੋਂ ਪਹਿਲੀ ਵਾਰ ਛੁੱਟੀ ਉੱਪਰ ਜੇਲ੍ਹ ਵਿੱਚੋਂ ਬਾਹਰ ਆਏਗਾ। ਡੇਰਾ ਮੁਖੀ ਬਲਾਤਕਾਰ ਤੇ ਕਤਲ ਦੇ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।


 


ਸਰਕਾਰੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 3 ਹਫ਼ਤਿਆਂ ਦੀ ਛੁੱਟੀ ਮਿਲ ਗਈ ਹੈ। ਉਸ ਨੂੰ ਮਾਂ ਦੀ ਬੀਮਾਰੀ ਦੇ ਨਾਂ 'ਤੇ ਛੁੱਟੀ ਮਿਲੀ ਹੈ। ਡੇਰਾ ਮੁਖੀ ਅੱਜ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਹੁਣ ਰਾਮ ਰਹੀਮ ਨੂੰ ਰੋਹਤਕ ਦਾ ਸੁਨਾਰੀਆ ਜੇਲ੍ਹ ਵਿੱਚੋਂ ਰਿਹਾਈ ਮਿਲੇਗੀ ਜਿੱਥੇ ਉਹ ਬਲਾਤਕਾਰ ਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਹੈ। 



ਰਾਮ ਰਹੀਮ 25 ਅਗਸਤ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਉਹ ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਵਿੱਚ 10-10 ਸਾਲ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।


 


ਦੱਸ ਦਈਏ ਕਿ ਇਸ ਵਾਰ ਚੋਣਾਂ ਵਿੱਚ ਬੀਜੇਪੀ ਦੀ ਟੇਕ ਡੇਰਾ ਸਿਰਸਾ ਦੇ ਵੋਟਰਾਂ ਉੱਪਰ ਹੈ। ਬੀਜੇਪੀ ਦੇ ਕਈ ਲੀਡਰ ਪਹਿਲਾਂ ਹੀ ਡੇਰਾ ਸਿਰਸਾ ਦੇ ਸਮਾਗਮਾਂ ਵਿੱਚ ਸ਼ਾਮਲ ਹੋ ਰਹੇ ਹਨ। ਇਸ ਲਈ ਚਰਚਾ ਸੀ ਕਿ ਚੋਣਾਂ ਤੋਂ ਪਹਿਲਾਂ-ਪਹਿਲਾਂ ਡੇਰਾ ਮੁਖੀ ਨੂੰ ਹਰਿਆਣਾ ਦੀ ਬੀਜੇਪੀ ਸਰਕਾਰ ਵੱਡੀ ਰਾਹਤ ਦੇਵੇਗੀ। 


 


ਇਸ ਲਈ ਡੇਰਾ ਮੁਖੀ ਨੂੰ ਰਿਹਾਈ ਦੇਣਾ ਪੰਜਾਬ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਦੀ ਮਾਲਵਾ ਬੈਲਟ ਵਿੱਚ ਡੇਰਾ ਸਿਰਸਾ ਦਾ ਕਾਫੀ ਪ੍ਰਭਾਵ ਹੈ। ਇਸ ਲਈ ਬੀਜੇਪੀ ਨੇ ਖਾਸ ਰਣਨੀਤੀ ਤਹਿਤ ਹੀ ਡੇਰਾ ਮੁਖੀ ਨੂੰ ਜੇਲ੍ਹ ਵਿੱਚੋਂ ਛੁੱਟੀ ਦਿੱਤੀ ਹੈ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਡੇਰਾ ਮੁਖੀ ਦੀ ਅਰਜ਼ੀ ਕਈ ਵਾਰ ਰੱਦ ਕਰ ਦਿੱਤੀ ਸੀ।