Farmers Protest: ਅੱਜ 31 ਮਾਰਚ ਨੂੰ ਹਰਿਆਣਾ ਦੀ ਅੰਬਾਲਾ ਮੋਹਡਾ ਮੰਡੀ ਵਿੱਚ ਨੌਜਵਾਨ ਕਿਸਾਨ ਸ਼ੁਭਕਰਨ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਹੋ ਰਿਹਾ ਹੈ। ਇਸ ਮੌਕੇ ਹਰਿਆਣਾ ਤੇ ਪੰਜਾਬ ਦੇ ਕਿਸਾਨ ਆਗੂਆਂ ਸਮੇਤ ਹਜ਼ਾਰਾਂ ਕਿਸਾਨ ਸ਼ਿਰਕਤ ਕਰਨਗੇ। ਦੂਜੇ ਪਾਸੇ ਇਸ ਸਮਾਗਮ ਨੂੰ ਲੈ ਕੇ ਹਰਿਆਣਾ ਪੁਲਿਸ ਅਲਰਟ 'ਤੇ ਹੈ।
ਕਿਸਾਨ ਮਜ਼ਦੂਰ ਮੋਰਚਾ ਦੇ ਮੈਂਬਰ ਤੇ ਬੀਕੇਯੂ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਸ਼ੁਭਕਰਨ ਸਿੰਘ ਦੀ ਅਸਥੀ ਕਲਸ਼ ਯਾਤਰਾ 16 ਮਾਰਚ ਤੋਂ ਸ਼ੰਭੂ ਸਰਹੱਦ ਤੋਂ ਸ਼ੁਰੂ ਕੀਤੀ ਗਈ ਸੀ। 22 ਮਾਰਚ ਨੂੰ ਹਿਸਾਰ ਵਿੱਚ ਸ਼ਰਧਾਂਜਲੀ ਸਮਾਗਮ ਤੋਂ ਬਾਅਦ 31 ਮਾਰਚ ਨੂੰ ਮੋਹਡਾ ਮੰਡੀ ਵਿੱਚ ਸਮਾਗਮ ਰੱਖਿਆ ਗਿਆ ਹੈ। ਅੰਤਰਰਾਸ਼ਟਰੀ ਪਹਿਲਵਾਨ ਸਾਕਸ਼ੀ ਮਲਿਕ ਨੇ ਵੀ ਵੱਧ ਤੋਂ ਵੱਧ ਲੋਕਾਂ ਨੂੰ ਸ਼ਰਧਾਂਜਲੀ ਸਭਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਸਰਕਾਰ ਭੈਅ ਵਿੱਚ ਹੈ ਤੇ ਅਸਥੀ ਕਲਸ਼ ਯਾਤਰਾ ਤੋਂ ਡਰੀ ਹੋਈ ਹੈ। ਇਸ ਘਬਰਾਹਟ ਕਰਕੇ ਹੀ ਨੌਜਵਾਨ ਕਿਸਾਨ ਨਵਦੀਪ ਜਲਬੇੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਰਕਾਰ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ, ਪਰ ਕਿਸਾਨ ਡਰ ਵਿੱਚ ਨਹੀਂ ਰਹਿਣਗੇ ਤੇ ਵੱਡੀ ਗਿਣਤੀ ਵਿੱਚ ਆਉਣਗੇ। ਉਨ੍ਹਾਂ ਦੱਸਿਆ ਕਿ ਨਵਦੀਪ ਸਿੰਘ ਤੇ ਗੁਰਕੀਰਤ ਸਿੰਘ ਵਾਸੀ ਸ਼ਾਹਪੁਰ ਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਐਫਆਈਆਰ ਆਪਣੇ ਆਪ ਵਿੱਚ ਝੂਠੀ ਹੈ, ਕਿਉਂਕਿ ਸ਼ੰਭੂ ਸਰਹੱਦ ਤੋਂ ਕੋਈ ਕਿਸਾਨ ਇੱਥੇ ਨਹੀਂ ਆਇਆ ਸੀ, ਫਿਰ ਪੁਲਿਸ 'ਤੇ ਹਮਲਾ ਕਿਵੇਂ ਹੋਇਆ। ਇਸ ਦੀ ਕੀਮਤ ਸਰਕਾਰ ਨੂੰ ਚੁਕਾਉਣੀ ਪਵੇਗੀ। ਰਾਏ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਨੌਜਵਾਨ ਕਿਸਾਨ ਲੀਡਰਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਰਣਨੀਤੀ ਬਣਾ ਕੇ ਇਸ ਦਾ ਐਲਾਨ ਕਰਨਗੇ।
ਦੂਜੇ ਪਾਸੇ ਅੰਬਾਲਾ ਪੁਲਿਸ ਦੀ ਸੀਆਈਏ-1 ਵੱਲੋਂ ਮੁਹਾਲੀ ਤੋਂ ਗ੍ਰਿਫ਼ਤਾਰ ਕੀਤੇ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਤੇ ਉਸ ਦੇ ਸਾਥੀ ਗੁਰਕੀਰਤ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਸੀਆਈਏ ਨੇ ਗੁਲੇਲਾਂ, ਤਲਵਾਰਾਂ, ਸੋਟੀਆਂ ਤੇ ਪੋਪਲਨ ਮਸ਼ੀਨਾਂ ਬਣਾਉਣ ਵਾਲੇ ਮਕੈਨਿਕ ਨੂੰ ਗ੍ਰਿਫਤਾਰ ਕਰਨ ਲਈ ਅਦਾਲਤ ਤੋਂ ਦੋ ਦਿਨ ਦਾ ਰਿਮਾਂਡ ਲਿਆ ਸੀ। ਨਵਦੀਪ ਸਮੇਤ 20 ਤੋਂ ਵੱਧ ਕਿਸਾਨ ਆਗੂਆਂ ਖ਼ਿਲਾਫ਼ ਕਾਤਲਾਨਾ ਹਮਲੇ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।