ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੀ ਭਰਤੀ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਦਾਅਵਾ ਹੈ ਕਿ ਇਸ ਭਰਤੀ ਵਿੱਚ ਹਰਿਆਣਾ ਦੇ ਨੌਜਵਾਨਾਂ ਨੂੰ ਹੀ ਭਰਤੀ ਕਰ ਲਿਆ ਗਿਆ ਹੈ। ਮਾਨਸਾ ਜਿਲ੍ਹੇ 'ਚ ਭਰਤੀ ਕੀਤੇ ਗਏ 7 ਇੰਸਪੈਕਟਰਾਂ 'ਚੋਂ ਪੰਜਾਬ ਦਾ ਸਿਰਫ਼ ਇੱਕ ਹੀ ਨੌਜਵਾਨ ਹੈ ਜਦਕਿ ਬਾਕੀ 6 ਹਰਿਆਣਾ ਤੋਂ ਹਨ। ਇਸ ਮੁੱਦੇ ਨੂੰ ਲੈ ਕੇ ਵਿਰੋਧੀ ਧਿਰਾਂ ਇੱਕ ਹੋ ਗਈਆਂ ਹਨ ਅਤੇ ਸਰਕਾਰ ਖਿਲਾਫ਼ ਅਕਾਲੀ ਦਲ, ਕਾਂਗਰਸ ਨੇ ਮੋਰਚਾ ਖੋਲ੍ਹ ਦਿੱਤਾ ਹੈ।
ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸਖਪਾਲ ਸਿੰਘ ਖਹਿਰਾ ਨੇ ਆਪੋ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਲਿਸਟ ਜਾਰੀ ਕੀਤੀ ਹੈ। ਜਿਸ ਵਿੱਚ ਨਾਮਾਂ ਦਾ ਵੇਰਵਾ ਦਿੱਤਾ ਹੋਇਆ ਹੈ ਕਿ ਕਿਹੜੇ ਕਿਹੜੇ ਨੌਜਵਾਨ ਹਰਿਆਣਾ ਦੇ ਹਨ।
ਬਿਕਰਮ ਸਿੰਘ ਮਜੀਠੀਆ ਨੇ X 'ਤੇ ਟਵੀਟ ਕਰਦੇ ਹੋਏ ਸਵਾਲ ਅੱਗੇ ਸਵਾਲ ਖੜ੍ਹੇ ਕੀਤੇ ਹਨ। ਮਜੀਠੀਆ ਨੇ ਕਿਹਾ ਕਿ ਜੇਕਰ ਤੁਸੀਂ ਪੰਜਾਬੀ ਨੌਜਵਾਨਾਂ ਨੂੰ ਪੰਜਾਬ ਵਿੱਚ ਭਰਤੀ ਵੀ ਨਹੀਂ ਕਰ ਸਕਦੇ ਤਾਂ ਵਿਦੇਸ਼ਾਂ ਵਿੱਚ ਜਾਣ ਤੋਂ ਕਿਵੇਂ ਰੋਕੋਗੇ ? ਹੈਰਾਨ ਕਰਨ ਵਾਲੀ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਭਰਤੀ ਕੀਤੇ ਗਏ 7 ਸਬ ਇੰਸਪੈਕਟਰਾਂ ਵਿੱਚੋਂ 6 ਹਰਿਆਣਾ ਦੇ ਹਨ। ਪਿਛਲੀਆਂ ਨਿਯੁਕਤੀਆਂ ਵਿੱਚ ਵੀ ਇਹੀ ਕਹਾਣੀ ਸੀ। ਤੁਹਾਡੀ ਸਰਕਾਰ ਲੱਖਾਂ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਸਾਡੇ ਨੌਜਵਾਨਾਂ ਨਾਲ ਵਿਤਕਰਾ ਕਰ ਰਹੀ ਹੈ।
ਇਸੇ ਤਰ੍ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਟਵੀਟ 'ਚ ਕਿਹਾ ਕਿ - ਤੁਸੀਂ ਤਾਂ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਹਰਾ ਪੈਨ ਪੰਜਾਬੀਆਂ ਲਈ ਚੱਲੇਗਾ ਪਰ ਇਹ ਤਾਂ ਸਭ ਉਲਟ ਹੋ ਰਿਹਾ ਹੈ। ਇਸ ਸਬ ਇੰਸਪੈਕਟਰ ਲਿਸਟ ਵਿੱਚ 6 ਹਰਿਆਣਾ ਤੋਂ ਅਤੇ ਇੱਕ ਪੰਜਾਬੀ ਹੈ। ਇਹ ਦੱਸੋ ਕਿ ਇਸ ਨਾਲ ਪੰਜਾਬੀ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਕਿਵੇਂ ਰੋਕਾਂਗੇ ਜੇਕਰ ਤੁਸੀ ਪੰਜਾਬ ਵਿੱਚ ਨੋਕਰੀਆਂ ਬਾਹਰ ਦੇ ਸੂਬੇ ਦੇ ਲੋਕਾਂ ਨੂੰ ਦੇਵੋਗੇ ਜਾਂ ਤੁਸੀਂ ਆਪਣੀ ਦੂਸਰੀ ਕਹੀ ਗੱਲ ਸਾਬਿਤ ਕਰ ਰਹੇ ਹੋ ਕਿ ਪੰਜਾਬ ਵਿੱਚ ਬਾਹਰ ਤੋਂ ਲੋਕ ਆ ਕੇ ਨੌਕਰੀ ਲਿਆ ਕਰਣਗੇ ? ਇਹ ਕਿਹੋ ਜਿਹਾ ਬਦਲਾਵ ਹੈ?
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਵੱਲੋਂ ਭਰਤੀ ਕੀਤੇ ਗਏ ਮਾਨਸਾ ਜ਼ਿਲ੍ਹੇ ਦੇ 7 ਵਿੱਚੋਂ 6 ਸਬ-ਇੰਸਪੈਕਟਰ ਹਰਿਆਣਾ ਦੇ ਹਨ ਅਤੇ ਫਿਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਨੌਜਵਾਨ ਹੋਰ ਦੇਸ਼ਾਂ ਵਿੱਚ ਨਾ ਜਾਣ?