Gurdas Mann: ਗਾਇਕ ਗੁਰਦਾਸ ਮਾਨ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਪੁਲੀਸ ਦੀ ਕੈਂਸਲੇਸ਼ਨ ਰਿਪੋਰਟ ਨੂੰ ਸਵੀਕਾਰ ਕਰਨ ਦੇ ਨਕੋਦਰ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ 'ਤੇ ਹਾਈਕੋਰਟ ਨੇ ਨਕੋਦਰ ਪੁਲਿਸ ਅਤੇ ਗੁਰਦਾਸ ਮਾਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।


ਸ਼ਿਕਾਇਤਕਰਤਾ ਹਰਜਿੰਦਰ ਸਿੰਘ ਨੇ ਪਟੀਸ਼ਨ ਵਿੱਚ ਨਕੋਦਰ ਅਦਾਲਤ ਦੇ 22 ਫਰਵਰੀ ਦੇ ਫੈਸਲੇ ਨੂੰ ਰੱਦ ਕਰਨ ਲਈ ਕਿਹਾ, ਜਿਸ ਵਿੱਚ ਮਾਨ ਵੱਲੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਤੋਂ ਬਾਅਦ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਦਰਜ ਕਰਨ ਦੀ ਚੁਣੌਤੀ ਨੂੰ ਰੱਦ ਕਰ ਦਿੱਤਾ ਸੀ। ਪਟੀਸ਼ਨਰ ਧਿਰ ਨੂੰ ਕੈਂਸਲੇਸ਼ਨ ਰਿਪੋਰਟ  ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਪਟੀਸ਼ਨਕਰਤਾ ਦੇ ਵਕੀਲ ਰਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਇਸ ਸਬੰਧੀ ਕੋਈ ਨੋਟਿਸ ਨਹੀਂ ਦਿੱਤਾ ਗਿਆ। ਕੈਂਸਲੇਸ਼ਨ ਰਿਪੋਰਟ ਨੂੰ ਖਾਰਜ ਕਰਨ ਦੀ ਮੰਗ ਕੀਤੀ ਗਈ ਤਾਂ ਨਕੋਦਰ ਅਦਾਲਤ ਨੇ 22 ਫਰਵਰੀ ਨੂੰ ਪਟੀਸ਼ਨ ਰੱਦ ਕਰ ਦਿੱਤੀ।


ਕੀ ਸੀ ਬਿਆਨ?


ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ਨੇ ਨਕੋਦਰ 'ਚ ਡੇਰਾ ਬਾਬਾ ਮੁਰਾਦ ਸ਼ਾਹ ਮੇਲੇ 'ਚ ਸਟੇਜ 'ਤੇ ਕਿਹਾ ਸੀ ਕਿ ਸਾਈਂ ਲਾਡੀ ਸ਼ਾਹ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਵਿਚੋਂ ਹਨ। ਜਦੋਂ ਇਸ ਦੀ ਵੀਡੀਓ ਵਾਇਰਲ ਹੋਈ ਤਾਂ ਸਿੱਖ ਜਥੇਬੰਦੀਆਂ ਭੜਕ ਗਈਆਂ। ਉਨ੍ਹਾਂ ਨਕੋਦਰ ਥਾਣੇ ਅਤੇ ਜਲੰਧਰ ਦਿਹਾਤੀ ਦੇ ਐਸਐਸਪੀ ਦਫ਼ਤਰ ਅੱਗੇ 3 ਦਿਨ ਤੱਕ ਧਰਨਾ ਦਿੱਤਾ। ਮਾਮਲਾ ਦਰਜ ਨਾ ਹੋਣ 'ਤੇ ਜਥੇਬੰਦੀਆਂ ਨੇ ਹਾਈਵੇਅ ਜਾਮ ਕਰ ਦਿੱਤਾ। ਪੁਲਿਸ ਨੇ ਮਾਨ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ। ਵਿਵਾਦ ਤੋਂ ਬਾਅਦ ਮਾਨ ਨੇ ਵੀਡੀਓ ਜਾਰੀ ਕਰਕੇ ਮੁਆਫੀ ਵੀ ਮੰਗੀ ਸੀ।


ਫੇਸਬੁੱਕ ’ਤੇ ਸ਼ੇਅਰ ਕੀਤੀ ਗਈ ਇਕ ਵੀਡੀਓ ਵਿਚ ਗੁਰਦਾਸ ਮਾਨ ਨੇ ਕਿਹਾ, ‘ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਜੇਕਰ ਫਿਰ ਵੀ ਅਜਿਹਾ ਹੋਇਆ ਤਾਂ ਮੈਂ ਮੁਆਫੀ ਮੰਗਦਾ ਹਾਂ। ਗੁਰੂ ਸਾਹਿਬਾਨਾਂ ਨਾਲ ਕਿਸੇ ਦੀ ਵੀ ਤੁਲਨਾ ਨਹੀਂ ਹੋ ਸਕਦੀ। ਮੈਂ ਇਹ ਜ਼ਰੂਰ ਕਿਹਾ ਸੀ ਕਿ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਭੱਲਾ ਪਰਿਵਾਰ ਵਿਚੋਂ ਸਨ ਤੇ ਮੁਰਾਦ ਸ਼ਾਹ ਵੀ ਨਕੋਦਰ ਵਿਖੇ ਭੱਲਾ ਪਰਿਵਾਰ ਵਿੱਚ ਪੈਦਾ ਹੋਏ ਸਨ। ਮੈਂ ਗੁਰੂ ਸਾਹਿਬਾਨ ਦੇ ਅਪਮਾਨ ਬਾਰੇ ਸੋਚ ਵੀ ਨਹੀਂ ਸਕਦਾ’।