Barnala news: ਬੀਤੀ ਰਾਤ ਬਰਨਾਲਾ ਵਿਖੇ ਪੁਲਿਸ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਮਾਮਲੇ 'ਚ ਹੁਣ ਪੰਜਾਬ ਸਰਕਾਰ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ 2 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ।


ਮ੍ਰਿਤਕ ਦਰਸ਼ਨ ਸਿੰਘ ਦਾ ਪੂਰੇ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ


ਦੱਸ ਦਈਏ ਕਿ ਬਰਨਾਲਾ ਪੁਲਿਸ ਪ੍ਰਸ਼ਾਸਨ ਵਲੋਂ ਮ੍ਰਿਤਕ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਦਾ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਅਤੇ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਜੱਦੀ ਪਿੰਡ ਧਨੌਲਾ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਮ੍ਰਿਤਕ ਦਰਸ਼ਨ ਸਿੰਘ ਨੂੰ ਰਾਈਫਲ ਦੀ ਸਲਾਮੀ ਦਿੱਤੀ ਗਈ ਅਤੇ ਸ਼ਰਧਾਂਜਲੀ ਦਿੱਤੀ ਗਈ।


ਇਹ ਵੀ ਪੜ੍ਹੋ: CM ਮਾਨ ਦੇ ਪਿੰਡ ਹੋਇਆ 'ਸਾਡੇ ਬਜ਼ੁਰਗ ਸਾਡਾ ਮਾਣ' ਤਹਿਤ ਸਮਾਗਮ, ਨੌਜਵਾਨਾਂ ਨੂੰ ਦਿੱਤੀ ਵਡਮੁੱਲੀ ਸਲਾਹ


ਉੱਥੇ ਹੀ ਇਸ ਮਾਮਲੇ ਵਿੱਚ ਐਸਐਸਪੀ ਸੰਦੀਪ ਮਲਿਕ ਨੇ ਕਿਹਾ ਕਿ ਉਹ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਦੀ ਮੌਤ ਤੋਂ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਦਰਸ਼ਨ ਸਿੰਘ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਦਿਆਂ ਹੋਇਆਂ ਡਿਊਟੀ ਦੌਰਾਨ ਬਹਾਦਰੀ ਨਾਲ ਸ਼ਹੀਦ ਹੋ ਗਏ। ਉਨ੍ਹਾਂ ਦੱਸਿਆ ਕਿ ਸਾਡੇ ਤਰਫੋਂ ਕਾਨੂੰਨੀ ਕਾਰਵਾਈ ਕਰਦੇ ਹੋਏ ਚਾਰ ਦੋਸ਼ੀਆਂ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


ਪਰਿਵਾਰ ਨੂੰ ਦਿੱਤੀ ਜਾਵੇਗੀ 2 ਕਰੋੜ ਰੁਪਏ ਦੀ ਵਿੱਤੀ ਸਹਾਇਤਾ


ਉਨ੍ਹਾਂ ਦੱਸਿਆ ਕਿ ਚਾਰੋਂ ਮੁਲਜ਼ਮ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਨ। ਆਉਣ ਵਾਲੇ 24 ਘੰਟਿਆਂ ਵਿੱਚ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਦੁਖਦਾਈ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਰਿਵਾਰ ਨੂੰ 2 ਕਰੋੜ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਐਸਐਸਪੀ ਬਰਨਾਲਾ ਅਨੁਸਾਰ ਡੀਜੀਪੀ ਪੰਜਾਬ ਨੇ ਵੀ ਪਰਿਵਾਰ ਨੂੰ ਸਹਾਇਤਾ ਦੇਣ ਦੀ ਗੱਲ ਕਹੀ ਹੈ।


ਇਹ ਵੀ ਪੜ੍ਹੋ: Punjab news: ਦੁਸਹਿਰੇ ਵਾਲੇ ਦਿਨ ਸਵੇਰੇ 9 ਵਜੇ ਤੋਂ 2 ਵਜੇ ਤੱਕ ਖੁੱਲ੍ਹਣਗੇ ਸੇਵਾ ਕੇਂਦਰ - ਡਿਪਟੀ ਕਮਿਸ਼ਨਰ