ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅੱਜ ਸੁਣਵਾਈ ਦਾ ਵੱਡਾ ਦਿਨ ਰਹਿਣ ਵਾਲਾ ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਆਪਣੀ ਗ੍ਰਿਫਤਾਰੀ ਖਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ 'ਤੇ ਅੱਜ ਹਾਈ ਕੋਰਟ ਕੋਈ ਫੈਸਲਾ ਸੁਣਾ ਸਕਦੀ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੋਇਆ ਹੈ।
ਅੰਮ੍ਰਿਤਪਾਲ ਸਿੰਘ ਉਸ ਦੇ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਬਾਜੇਕੇ, ਬਸੰਤ ਸਿੰਘ, ਕੁਲਵੰਤ ਸਿੰਘ ਅਤੇ ਗੁਰਮੀਤ ਸਿੰਘ ਬੁੱਕਣਵਾਲਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਗ੍ਰਿਫ਼ਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਸੀ। ਇਸ ਪਟੀਸ਼ਨ 'ਚ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਤਹਿਤ ਗ੍ਰਿਫਤਾਰੀ ਅਤੇ ਕਾਰਵਾਈ ਨੂੰ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ 'ਤੇ ਹਾਈਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ , ਅਤੇ ਅੱਜ ਕੇਂਦਰ ਜਾਂ ਪੰਜਾਬ ਸਰਕਾਰ ਆਪਣਾ ਜਵਾਬ ਦਾਖਲ ਕਰ ਸਕਦੀ ਹੈ।
ਅਜਨਾਲਾ ਥਾਣੇ ਵਿੱਚ ਵਾਪਰੀ ਹਿੰਸਾ ਤੋਂ ਬਾਅਦ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 18 ਮਾਰਚ ਤੋਂ ਇੱਕ ਮੁਹਿੰਮ ਚਲਾਈ ਸੀ। ਉਸੇ ਦਿਨ ਅੰਮ੍ਰਿਤਪਾਲ ਦੇ ਕਈ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ 'ਤੇ ਐਨਐਸਏ ਲਗਾ ਦਿੱਤਾ ਗਿਆ,? ਜਿਸ ਤੋਂ ਬਾਅਦ ਉਨ੍ਹਾਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਹਲਾਂਕਿ ਪੰਜਾਬ ਪੁਲਿਸ ਹੱਥ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਪਪਲਪ੍ਰੀਤ ਸਿੰਘ ਨਹੀਂ ਆਇਆ ਸੀ।
ਪੁਲਿਸ ਦੇ ਆਪਰੇਸ਼ਨ ਤੋਂ ਕਈ ਦਿਨਾਂ ਬਾਅਦ ਪਪਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅੰਮ੍ਰਿਤਪਾਲ ਸਿੰਘ ਨੇ ਇੱਕ ਹਫ਼ਤੇ ਬਾਅਦ ਮੋਗਾ 'ਚ ਸਰੰਡਰ ਕਰ ਦਿੱਤਾ ਸੀ। ਹਲਾਂਕਿ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ।
ਆਪਣੇ ਖਿਲਾਫ਼ ਹੋਈ ਕਾਰਵਾਈ ਨੂੰ ਲੈ ਕੇ ਪਟੀਸ਼ਨਕਰਤਾਵਾਂ ਨੇ ਅਪੀਲ ਕੀਤੀ ਹੈ ਕਿ ਐੱਨਐੱਸਏ ਤਹਿਤ ਉਹਨਾਂ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਰੱਦ ਕੀਤਾ ਜਾਵੇ। ਅੰਮ੍ਰਿਤਪਾਲ ਸਿੰਘ ਦੇ ਉਸ ਦੇ ਸਾਥੀਆਂ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਣ ਨੂੰ ਵੀ ਗੈਂਰ ਕਾਨੂੰਨੀ ਨਜ਼ਰਬੰਦੀ ਕਰਾਰ ਦਿੱਤਾ ਅਤੇ ਰਿਹਾਅ ਕਰਨ ਦੀ ਅਪੀਲ ਕੀਤੀ ਹੈ।
Join Our Official Telegram Channel : -
https://t.me/abpsanjhaofficial