ਚੰਡੀਗੜ੍ਹ: ਪੰਜਾਬ ਵਿੱਚ ਚਰਚ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤੀ ਹੈ। ਹਾਈਕੋਰਟ ਨੇ ਆਮ ਆਦਮੀ ਪਾਰਟੀ ਸਰਕਾਰ ਤੋਂ ਸਟੇਟਸ ਰਿਪੋਰਟ ਤਲਬ ਕੀਤੀ ਹੈ
ਜ਼ਿਕਰ ਕਰ ਦਈਏ ਕਿ ਕੁਝ ਦਿਨ ਪਹਿਲਾਂ ਤਰਨਤਾਰਨ ਵਿੱਚ ਕੁਝ ਲੋਕਾਂ ਨੇ ਚਰਚ ਦੀ ਭੰਨਤੋੜ ਕੀਤੀ ਸੀ ਤੇ ਬਾਅਦ ਵਿੱਚ ਪਾਦਰੀ ਦੀ ਗੱਡੀ ਅੱਗ ਦੇ ਹਵਾਲੇ ਕਰ ਦਿੱਤੀ ਸੀ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਨੈਸ਼ਨਲ ਕ੍ਰਿਸ਼ਚੀਅਨ ਲੀਗ ਤੇ ਸੁਖਜਿੰਦਰ ਸਿੰਘ ਵਾਸੀ ਚੰਡੀਗੜ੍ਹ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ।
ਫਿਰਕੂ ਦੰਗੇ ਭੜਕਾਊਣ ਦਾ ਸ਼ੱਕ
ਹਾਈਕੋਰਟ ਵਿੱਚ ਪਾਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜੇ ਪੁਲਿਸ ਛੇਤੀ ਹੀ ਐਕਸ਼ਨ ਵਿੱਚ ਨਾ ਆਈ ਤਾਂ ਪੰਜਾਬ ਵਿੱਚ ਫਿਰਕੂ ਦੰਗੇ ਹੋ ਸਕਦੇ ਹਨ। ਤਰਨਤਾਰਨ ਚਰਚ ਵਿੱਚ ਹੋਈ ਘਟਨਾ ਤੋਂ ਬਾਅਦ ਇਸਾਈ ਭਾਈਚਾਰੇ ਦੇ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਚਰਚ ਅਤੇ ਇਸਾਈ ਭਾਈਚਾਰੇ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਤੇ ਸਰਕਾਰ ਤੋਂ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: ਐਂਗਲੀਕਨ ਚਰਚ ਦੇ ਬਿਸ਼ਪ ਨੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਕੀਤੀ ਮੀਟਿੰਗ, ਈਸਾਈ ਧਰਮ ਦੇ ਪ੍ਰਚਾਰ 'ਤੇ ਕੀਤੀ ਗੱਲਬਾਤ
ਕੀ ਹੈ ਪੂਰਾ ਮਾਮਲਾ
ਪਿੰਡ ਠੱਕਰਪੁਰਾ ਵਿੱਚ ਸਥਿਤ ਕ੍ਰਿਸ਼ਚਨ ਭਾਈਚਾਰੇ ਦੀ ਕੈਥੋਲਿਕ ਚਰਚ ਵਿੱਚ ਮੂਰਤੀਆਂ ਦੀ ਭੰਨ ਤੋੜ ਕਰਕੇ ਬੇਅਦਬੀ ਕੀਤੀ ਗਈ ਸੀ। ਕੈਥੋਲਿਕ ਚਰਚ ਵਿੱਚ 30 ਅਗਸਤ ਦੇਰ ਰਾਤ ਕੁਝ ਲੋਕਾਂ ਨੇ ਭੰਨਤੋੜ ਕੀਤੀ ਹੈ। ਇਸ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਚਰਚ ਅੰਦਰ ਖੜ੍ਹੀ ਇਕ ਕਾਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ, ਕੁਝ ਸ਼ਰਾਰਤੀ ਅਨਸਰ ਚਰਚ ਵਿੱਚ ਦਾਖ਼ਲ ਹੋ ਕੇ ਮਾਂ ਮਰੀਅਮ ਮੂਰਤੀ ਦਾ ਸਿਰ ਤੋੜ ਕੇ ਨਾਲ ਲੈ ਗਏ ਤੇ ਪ੍ਰੂਭੂ ਯਿਸੂ ਮਸੀਹ ਦੀ ਮੂਰਤੀ ਦੀ ਭੰਨਤੋੜ ਕੀਤੀ ਹੈ। ਇਹ ਸਾਰੀ ਘਟਨਾ ਚਰਚ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਇਸਾਈ ਭਾਈਚਾਰੇ 'ਚ ਕਾਫ਼ੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੱਟੀ ਦੇ ਪਿੰਡ ਠੱਕਰਪੁਰਾ ਦੀ ਕੈਥੋਲਿਕ ਚਰਚ 'ਚ ਕੁਝ ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ ਕੇ ਕੀਤੀ ਭੰਨਤੋੜ , ਕਾਰ ਨੂੰ ਲਗਾਈ ਅੱਗ