ਚੰਡੀਗੜ੍ਹ/ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਪੰਜਾਬੀ ਗੀਤ 'ਜਾਂਦੀ ਵਾਰ' ਦੀ ਰਿਲੀਜ਼ 'ਤੇ ਅਦਾਲਤ ਨੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਇਹ ਹੁਕਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਦਾਇਰ ਪਟੀਸ਼ਨ 'ਤੇ ਦਿੱਤੇ ਹਨ। 


ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਅਤੇ ਗਾਇਕਾ ਅਫ਼ਸਾਨਾ ਖਾਨ ਨਾਲ ਫਿਲਮਾਇਆ ਗਿਆ ਪੰਜਾਬੀ ਗੀਤ 'ਜਾਂਦੀ ਵਾਰ' 2 ਸਤੰਬਰ ਨੂੰ ਰਿਲੀਜ਼ ਹੋਣਾ ਸੀ। ਇਹ ਜਾਣਕਾਰੀ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਨੇ ਸੋਸ਼ਲ ਮੀਡੀਆ 'ਤੇ ਦਿੱਤੀ। ਇਸ ਤੋਂ ਬਾਅਦ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਗੀਤ ਰਿਲੀਜ਼ ਨਾ ਕਰਨ ਦੀ ਅਪੀਲ ਕੀਤੀ।


ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਅਦਾਲਤ ਦਾ ਸਹਾਰਾ ਲਿਆ। ਹੁਣ ਮਾਨਸਾ ਦੀ ਅਦਾਲਤ ਨੇ ਗੀਤ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਨੇ ਵੀ ਗੀਤ ਨੂੰ ਰਿਲੀਜ਼ ਨਾ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਸੋਸ਼ਲ ਮੀਡੀਆ 'ਤੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਗੱਲ ਕਰਨ ਤੋਂ ਬਾਅਦ ਹੀ ਗੀਤ ਰਿਲੀਜ਼ ਕੀਤਾ ਜਾਵੇਗਾ।


ਦਰਅਸਲ, ਬਾਲੀਵੁੱਡ ਦੇ ਦਿੱਗਜ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਨੇ ਗੀਤ ਦੀ ਰਿਲੀਜ਼ ਟਾਲ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਪਰਿਵਾਰ ਦੀ ਅਪੀਲ `ਤੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। 


ਇਸ ਬਾਰੇ ਮਰਚੈਂਟ ਨੇ ਸੋਸ਼ਲ ਮੀਡੀਆ `ਤੇ ਪੋਸਟ ਪਾ ਕੇ ਐਲਾਨ ਕਰ ਦਿਤਾ ਹੈ ਕਿ ਉਹ ਫ਼ਿਲਹਾਲ ਇਸ ਗੀਤ ਨੂੰ ਰਿਲੀਜ਼ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮੂਸੇਵਾਲਾ ਦੇ ਮਾਪਿਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ।


ਦਸ ਦਈਏ ਕਿ ਮੂਸੇਵਾਲਾ ਤੇ ਅਫ਼ਸਾਨਾ ਖਾਨ ਵੱਲੋਂ ਗਾਇਆ ਗੀਤ ਜਾਂਦੀ ਵਾਰ 2 ਸਤੰਬਰ ਨੂੰ ਰਿਲੀਜ਼ ਹੋਣਾ ਸੀ। ਇਸ ਗੀਤ ਨੂੰ ਲੈਕੇ ਕਾਫ਼ੀ ਵਿਵਾਦ ਹੋਇਆ ਸੀ। ਜਦੋਂ ਮਰਚੈਂਟ ਨੇ ਗੀਤ ਰਿਲੀਜ਼ ਕਰਨ ਦਾ ਐਲਾਨ ਕੀਤਾ ਤਾਂ ਪੰਜਾਬੀ ਇੰਡਸਟਰੀ ਦੇ ਦਿੱਗਜ ਗੀਤਕਾਰ ਤੇ ਲੇਖਕ ਬੰਟੀ ਬੈਂਸ ਨੇ ਮਰਚੈਂਟ ਦੇ ਨਾਂ ਇੱਕ ਲੰਬੀ ਚੌੜੀ ਪੋਸਟ ਲਿਖੀ ਸੀ। ਜਿਸ ਵਿੱਚ ਉਨ੍ਹਾਂ ਨੇ ਸਲੀਮ ਮਰਚੈਂਟ ਦੇ ਫ਼ੈਸਲੇ ਤੇ ਸਵਾਲ ਚੁੱਕੇ ਸੀ। ਬੈਂਸ ਨੇ ਕਿਹਾ ਸੀ ਕਿ ਮੂਸੇਵਾਲਾ ਦੇ 40-50 ਕਰੀਬ ਗੀਤ ਰਿਲੀਜ਼ ਲਈ ਪੈਂਡਿੰਗ ਹਨ। ਜੋ ਕਿ ਸਾਰੀਆਂ ਮਿਊਜ਼ਿਕ ਕੰਪਨੀਆਂ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪ ਦਿਤੇ ਹਨ। ਮਰਚੈਂਟ ਨੂੰ ਵੀ ਮੂਸੇਵਾਲਾ ਦੇ ਪਰਿਵਾਰ ਦੀ ਅਪੀਲ ਮੰਨਣੀ ਚਾਹੀਦੀ ਹੈ। 


ਇਸ ਗੀਤ ਨੂੰ ਲੈਕੇ ਮੂਸੇਵਾਲਾ ਦੇ ਪਰਿਵਾਰ ਨੇ ਵੀ ਡੂੰਘਾ ਇਤਰਾਜ਼ ਪ੍ਰਗਟਾਇਆ ਸੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿਤਾ ਸੀ ਕਿ ਜੇ ਮਰਚੈਂਟ ਉਨ੍ਹਾਂ ਦੀ ਅਪੀਲ ਨਹੀਂ ਮੰਨਦੇ ਤਾਂ ਉਹ ਕੋਰਟ ਦਾ ਸਹਾਰਾ ਵੀ ਲੈ ਸਕਦੇ ਹਨ। 


ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੇ ਜੁਲਾਈ 2021 `ਚ ਜਾਂਦੀ ਵਾਰ ਗੀਤ ਰਿਕਾਰਡ ਕੀਤਾ ਸੀ। ਇਸ ਵਿੱਚ ਸਲੀਮ ਮਰਚੈਂਟ ਨੇ ਮਿਊਜ਼ਿਕ ਦਿਤਾ ਸੀ। ਜਦਕਿ ਗੀਤ ਨੂੰ ਮੂਸੇਵਾਲਾ ਤੇ ਅਫ਼ਸਾਨਾ ਨੇ ਸੁਰਾਂ ਨਾਲ ਸਜਾਇਆ ਸੀ। ਇਹ ਗੀਤ 2 ਸਤੰਬਰ ਨੂੰ ਰਿਲੀਜ਼ ਹੋਣਾ ਸੀ, ਪਰ ਹੁਣ ਇਸ ਦੀ ਰਿਲੀਜ਼ ਨੂੰ ਟਾਲ ਦਿਤਾ ਗਿਆ ਹੈ।