Punjab Floods: ਭਾਰਤੀ ਟੈਸਟ ਕਪਤਾਨ ਸ਼ੁਭਮਨ ਗਿੱਲ ਨੇ ਸੋਸ਼ਲ ਮੀਡੀਆ 'ਤੇ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇੱਕ ਭਾਵੁਕ ਸੰਦੇਸ਼ ਵਿੱਚ ਲਿਖਿਆ, 'ਪੰਜਾਬ ਨੂੰ ਹੜ੍ਹਾਂ ਨਾਲ ਤਬਾਹ ਹੁੰਦਾ ਦੇਖ ਕੇ ਦਿਲ ਟੁੱਟ ਗਿਆ। ਅਸੀਂ ਦੁਬਾਰਾ ਉੱਠਾਂਗੇ। ਮੇਰੀਆਂ ਪ੍ਰਾਰਥਨਾਵਾਂ ਸਾਰੇ ਪ੍ਰਭਾਵਿਤ ਪਰਿਵਾਰਾਂ ਨਾਲ ਹਨ। ਮੈਂ ਆਪਣੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹਾਂ।'

ਪੰਜਾਬ ਵਿੱਚ ਹੜ੍ਹਾਂ ਕਾਰਨ ਘੱਟੋ-ਘੱਟ 29 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਓਵਰਫਲੋਅ ਕਾਰਨ 10 ਤੋਂ ਵੱਧ ਜ਼ਿਲ੍ਹੇ ਪਾਣੀ ਵਿੱਚ ਡੁੱਬ ਗਏ ਹਨ। ਕੁਝ ਥਾਵਾਂ 'ਤੇ, ਰਾਵੀ ਦਰਿਆ ਆਪਣੀ ਆਮ ਚੌੜਾਈ ਤੋਂ ਦਸ ਗੁਣਾ ਵੱਧ ਗਿਆ ਹੈ, ਜਿਸ ਨਾਲ ਘਰ ਅਤੇ ਖੇਤ ਡੁੱਬ ਗਏ ਹਨ।

1 ਸਤੰਬਰ ਤੱਕ, 1,300 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬੇ ਰਹੇ ਅਤੇ 6,582 ਲੋਕਾਂ ਨੂੰ 122 ਰਾਹਤ ਕੈਂਪਾਂ ਵਿੱਚ ਭੇਜਿਆ ਗਿਆ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਸ਼ਾਮਲ ਹਨ।

ਇਸ ਸੰਕਟ ਦੇ ਵਿਚਕਾਰ, ਪੰਜਾਬੀ ਫਿਲਮ ਸਟਾਰ ਦਿਲਜੀਤ ਦੋਸਾਂਝ, ਐਮੀ ਵਿਰਕ ਅਤੇ ਸੋਨਮ ਬਾਜਵਾ ਵੀ ਮਦਦ ਲਈ ਅੱਗੇ ਆਏ। ਦਿਲਜੀਤ ਨੇ ਗੈਰ-ਸਰਕਾਰੀ ਸੰਗਠਨਾਂ ਅਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ 10 ਪਿੰਡਾਂ ਨੂੰ ਗੋਦ ਲਿਆ ਅਤੇ ਉੱਥੇ ਜ਼ਰੂਰੀ ਚੀਜ਼ਾਂ, ਭੋਜਨ, ਪਾਣੀ ਅਤੇ ਦਵਾਈਆਂ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ।

ਪੰਜਾਬ ਵਿੱਚ ਕਿਹੋ ਜਿਹੇ ਨੇ ਹਾਲਾਤ ?

ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਮੋਗਾ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ, ਪਟਿਆਲਾ, ਮੋਹਾਲੀ, ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਸ਼ਾਮਲ ਹਨ। ਜਲੰਧਰ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ। ਅਧਿਕਾਰੀ ਸਤਲੁਜ ਦਰਿਆ ਦੇ ਨੇੜੇ ਮੌਜੂਦ ਹਨ। ਭਾਖੜਾ ਦਾ ਪਾਣੀ ਦਾ ਪੱਧਰ ਵੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 3 ਫੁੱਟ ਹੇਠਾਂ ਰਹਿ ਗਿਆ ਹੈ।

ਸਰਕਾਰੀ ਅੰਕੜਿਆਂ ਅਨੁਸਾਰ, ਹੁਣ ਤੱਕ 1312 ਪਿੰਡ ਪ੍ਰਭਾਵਿਤ ਹੋਏ ਹਨ। ਦੂਜੇ ਪਾਸੇ, ਸੋਮਵਾਰ ਰਾਤ ਤੋਂ ਮੰਗਲਵਾਰ ਤੱਕ ਵਾਪਰੀਆਂ ਘਟਨਾਵਾਂ ਵਿੱਚ, ਅੰਮ੍ਰਿਤਸਰ ਵਿੱਚ ਇੱਕ ਲਗਭਗ 100 ਸਾਲ ਪੁਰਾਣੀ ਇਮਾਰਤ ਡਿੱਗ ਗਈ, ਜਿਸਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਸਠਿਆਲਾ ਪਿੰਡ ਵਿੱਚ ਇੱਕ ਘਰ ਦੀ ਛੱਤ ਡਿੱਗਣ ਨਾਲ ਇੱਕ 12 ਸਾਲਾ ਲੜਕੀ ਦੀ ਮੌਤ ਹੋ ਗਈ, ਜਦੋਂ ਕਿ ਪਰਿਵਾਰ ਦੇ ਹੋਰ ਮੈਂਬਰ ਜ਼ਖਮੀ ਹੋ ਗਏ।