Heavy rain alert in Punjab for next five days: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ। ਅੱਜ ਤੋਂ ਅਗਲੇ 5 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਪ੍ਰਸ਼ਾਸਨਿਕ ਟੀਮਾਂ ਅਲਰਟ ਮੋਡ 'ਤੇ ਹਨ। ਦੂਜੇ ਪਾਸੇ ਪਹਿਲਾਂ ਹੀ ਖੇਤਾਂ ਵਿੱਚ ਪਾਣੀ ਭਰਨ ਕਾਰਨ ਹਜ਼ਾਰਾਂ ਏਕੜ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਅੱਜ ਤੋਂ ਅਗਲੇ ਪੰਜ ਦਿਨਾਂ ਲਈ ਪੰਜਾਬ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਨੇ ਫਿਕਰ ਵਧਾ ਦਿੱਤੇ ਹਨ।
ਮੌਸਮ ਵਿਭਾਗ ਨੇ 22 ਤੋਂ 26 ਅਗਸਤ ਤੱਕ ਪੰਜਾਬ ਦੇ ਕਈ ਥਾਵਾਂ 'ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਸ਼ਨੀਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਔਰੰਜ ਅਲਰਟ ਜਾਰੀ ਕੀਤੀ ਗਿਆ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਟੀਮਾਂ ਨੂੰ ਰਾਹਤ ਤੇ ਬਚਾਅ ਕਾਰਜਾਂ ਲਈ ਤਿਆਰ ਰਹਿਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਪੰਜਾਬ ਵਿੱਚ ਹੁਸ਼ਿਆਰਪੁਰ, ਗੁਰਦਾਸਪੁਰ, ਫਿਰੋਜ਼ਪੁਰ ਤੇ ਫਾਜ਼ਿਲਕਾ ਵਰਗੀਆਂ ਥਾਵਾਂ 'ਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।
ਹਾਸਲ ਰਿਪੋਰਟਾਂ ਮੁਤਾਬਕ ਖੇਤਾਂ ਵਿੱਚ ਪਾਣੀ ਭਰਨ ਕਾਰਨ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਪੰਜਾਬ ਦੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵੀਰਵਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਪ੍ਰਭਾਵਿਤ ਫਸਲਾਂ ਤੇ ਹੋਰ ਨੁਕਸਾਨ ਦੀ ਭਰਪਾਈ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਰਾਹਤ ਕਾਰਜਾਂ ਲਈ ਦੋ ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ।
ਮਾਲ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਪ੍ਰਮੁੱਖ ਜ਼ਿਲ੍ਹਿਆਂ ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ ਵਿੱਚ ਰਾਹਤ ਕਾਰਜਾਂ ਦੀ ਨਿਗਰਾਨੀ ਮੰਤਰੀ ਸਮੂਹ ਵੱਲੋਂ ਕੀਤੀ ਜਾ ਰਹੀ ਹੈ। ਜਿੱਥੇ ਕੈਬਨਿਟ ਮੰਤਰੀ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਹਨ ਤੇ ਪ੍ਰਭਾਵਿਤ ਲੋਕਾਂ ਨੂੰ ਮਿਲ ਰਹੇ ਹਨ, ਉੱਥੇ ਹੀ ਰਾਹਤ ਕਾਰਜਾਂ ਦੀ ਵੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਮੁੰਡੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਲਗਾਤਾਰ ਫੌਗਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਲੋਕਾਂ ਨੂੰ ਚਮੜੀ ਰੋਗਾਂ ਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਗਰੂਕ ਕਰਨ ਤੇ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਨਿਯਮਤ ਸਿਹਤ ਜਾਂਚ ਨੂੰ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ ਗਏ।
ਪਟਿਆਲਾ ਵਿੱਚ ਟਾਂਗਰੀ ਨਦੀ ਵੀਰਵਾਰ ਨੂੰ ਲਗਾਤਾਰ ਦੂਜੀ ਵਾਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ। ਟਾਂਗਰੀ ਦਾ ਪਾਣੀ ਦਾ ਪੱਧਰ 12.5 ਫੁੱਟ ਦਰਜ ਕੀਤਾ ਗਿਆ, ਜਦੋਂ ਕਿ ਖ਼ਤਰੇ ਦਾ ਨਿਸ਼ਾਨ 12 ਫੁੱਟ ਹੈ। ਇਸ ਕਾਰਨ ਨਦੀ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਡਰੇਨੇਜ ਵਿਭਾਗ ਦੇ ਐਕਸੀਅਨ ਪ੍ਰਥਮ ਗੰਭੀਰ ਨੇ ਕਿਹਾ ਕਿ ਟਾਂਗਰੀ ਨਦੀ ਦਾ ਪਾਣੀ 16 ਫੁੱਟ ਤੱਕ ਪਹੁੰਚਣ 'ਤੇ ਹੀ ਕੰਢਿਆਂ ਤੋਂ ਬਾਹਰ ਆਵੇਗਾ, ਇਸ ਲਈ ਇਸ ਸਮੇਂ ਘਬਰਾਉਣ ਦੀ ਕੋਈ ਲੋੜ ਨਹੀਂ। ਇਸ ਸਮੇਂ ਨਦੀ ਵਿੱਚ 34073 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮਾਰਕੰਡਾ ਨਦੀ ਅੱਜ ਵੀ 22 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਰਹੀ।
ਵੀਰਵਾਰ ਨੂੰ ਪੋਂਗ ਡੈਮ ਦਾ ਪੱਧਰ 1384.45 ਫੁੱਟ ਰਿਹਾ, ਜੋ 20 ਅਗਸਤ ਨੂੰ 1383.82 ਫੁੱਟ ਸੀ। ਵੀਰਵਾਰ ਨੂੰ ਪੋਂਗ ਡੈਮ ਤੋਂ 69815 ਕਿਊਸਿਕ ਪਾਣੀ ਛੱਡਿਆ ਗਿਆ ਜਦੋਂ ਕਿ ਬੁੱਧਵਾਰ ਤੋਂ ਲਗਾਤਾਰ 65789 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਵੀਰਵਾਰ ਨੂੰ ਪੋਂਗ ਡੈਮ ਦੇ ਪਾਵਰ ਹਾਊਸ ਦੀਆਂ 6 ਟਰਬਾਈਨ ਮਸ਼ੀਨਾਂ ਰਾਹੀਂ 17407 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਪੋਂਗ ਡੈਮ ਦੇ ਸਪਿਲਵੇਅ ਦੇ 6 ਗੇਟਾਂ ਰਾਹੀਂ ਸ਼ਾਹ ਨਹਿਰ ਬੈਰਾਜ ਵਿੱਚ 52408 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਇਸ ਵਿੱਚੋਂ ਸ਼ਾਹ ਨਹਿਰ ਬੈਰਾਜ ਤੋਂ 58090 ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਤੇ ਮੁਕੇਰੀਆਂ ਹਾਈਡਲ ਨਹਿਰ ਵਿੱਚ 11500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪਾਣੀ ਦਾ ਪੱਧਰ ਵਧਣ ਕਾਰਨ, ਪ੍ਰਸ਼ਾਸਨ ਨੇ ਪਹਿਲਾਂ ਹੀ ਬਿਆਸ ਦਰਿਆ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹੜ੍ਹ ਦੇ ਖ਼ਤਰੇ ਬਾਰੇ ਅਲਰਟ ਜਾਰੀ ਕਰ ਦਿੱਤਾ ਹੈ ਤੇ ਡੀਸੀ ਹੁਸ਼ਿਆਰਪੁਰ ਆਸ਼ਿਕਾ ਜੈਨ ਤੇ ਡੀਸੀ ਕਾਂਗੜਾ ਹੇਮਰਾਜ ਬੈਰਵਾ ਨੇ ਵੀ ਪਿੰਡ ਵਾਸੀਆਂ ਨੂੰ ਬਿਆਸ ਦਰਿਆ ਦੇ ਕੰਢਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।