Punjab News : ਪੰਜਾਬ ਅੰਦਰ ਲਗਾਤਾਰ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਅਲਰਟ ਜਾਰੀ ਕਰਦਿਆਂ ਹੋਇਆ ਕਿਹਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਵੀ ਸੂਬੇ ਦੇ ਅੰਦਰ ਭਾਰੀ ਮੀਂਹ ਜਾਰੀ ਰਹੇਗਾ। ਸੂਬੇ ਵਿਚ ਅੱਜ ਵੀ ਭਾਰੀ ਮੀਂਹ ਪਿਆ, ਜਿਸ ਦੇ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। 

 

ਪੂਰੇ ਪੰਜਾਬ ਵਿੱਚ ਪੈ ਰਹੇ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਜਿਥੇ ਇੱਕ ਪਾਸੇ ਡੇਰਾਬੱਸੀ ਦੀ ਇੱਕ ਸੋਸਾਇਟੀ ਮੀਂਹ ਦੇ ਪਾਣੀ ਵਿਚ ਡੁੱਬ ਗਈ, ਉਥੇ ਹੀ ਮੋਹਾਲੀ ਦੇ ਖਰੜ ਵਿਚ 3 ਮੰਜ਼ਿਲਾਂ ਬਿਲਡਿੰਗ ਡਿੱਗ ਗਈ। ਹਾਲਾਂਕਿ ਸਥਿਤੀ ਨੂੰ ਦੇਖਦਿਆਂ ਪਹਿਲਾਂ ਹੀ ਮਕਾਨ ਖਾਲੀ ਕਰਵਾ ਲਏ ਗਏ ਸਨ। ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। 

 

ਪਿਛਲੇ 2 ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਤੇ ਕਿਸਾਨਾਂ ਦਾ ਹਜ਼ਾਰਾਂ ਏਕੜ ਨਵਾਂ ਬੀਜਿਆ ਝੋਨਾ ਡੁੱਬ ਗਿਆ ਹੈ ਅਤੇ ਕਈ ਸੜਕਾਂ ਵਿਚ ਪਾੜ ਪੈਣ ਕਾਰਨ ਖੇਤ ਦਰਿਆ ਬਣੇ ਦਿਖਾਈ ਦੇ ਰਹੇ ਹਨ। ਪਿੰਡਾਂ ਵਿਚ ਹਰ ਪਾਸੇ ਖੇਤਾਂ ਵਿਚ ਪਾਣੀ ਹੀ ਪਾਣੀ ਦਿਖ ਰਿਹਾ ਹੈ।

 

ਓਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ 'ਚ ਪਿਛਲੇ 2 ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਰਕੇ ਨੀਵੇਂ ਇਲਾਕਿਆਂ ਤੇ ਖਾਸ ਤੌਰ 'ਤੇ ਦਰਿਆਵਾਂ ਨਾਲ ਲੱਗਦੇ ਇਲਾਕਿਆਂ 'ਚ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਮੈਂ ਆਪਣੇ ਸਾਰੇ ਮੰਤਰੀਆਂ-ਵਿਧਾਇਕਾਂ ਤੇ ਸਾਰੇ ਜ਼ਿਲ੍ਹਿਆਂ ਦੇ DCs ਤੇ SSPs ਨੂੰ ਲੋਕਾਂ ਦੇ ਵਿਚਕਾਰ ਜਾਣ ਦੀ ਹਦਾਇਤ ਜਾਰੀ ਕੀਤੀ ਹੈ। 

 

ਦੱਸ ਦੇਈਏ ਕਿ ਪੂਰੇ ਪੰਜਾਬ ਵਿੱਚ ਪੈ ਰਹੇ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਜਿੱਥੇ ਖੇਤਾਂ ‘ਚ ਫਸਲਾਂ ਪਾਣੀ ‘ਚ ਡੁੱਬ ਗਈਆਂ ਹਨ, ਉੱਥੇ ਸ਼ਹਿਰਾਂ ‘ਚ ਵੀ ਮਕਾਨਾਂ-ਦੁਕਾਨਾਂ ਆਦਿ ‘ਚ ਮੀਂਹ ਦਾ ਪਾਣੀ ਵੜ ਗਿਆ ਹੈ। ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਸੜਕਾਂ ‘ਤੇ ਬਣੇ ਪੁਲ ਆਦਿ ਟੁੱਟਣ ਦੀਆਂ ਖਬਰਾਂ ਆ ਰਹੀਆਂ ਹਨ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ, ਜਿਸ ਕਾਰਨ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ।ਪੰਜਾਬ, ਚੰਡੀਗੜ੍ਹ, ਦਿੱਲੀ ਅਤੇ ਹਰਿਆਣਾ ਸਣੇ ਉੱਤਰੀ ਭਾਰਤ ਵਿਚ ਮੌਨਸੂਨ ਕਹਿਰ ਬਣ ਕੇ ਵਰ੍ਹ ਰਿਹਾ ਹੈ। ਲਗਾਤਾਰ ਪੈ ਰਹੇ ਮੀਂਹ ਨਾਲ ਕਈ ਥਾਂਈਂ ਹੜ੍ਹ ਆ ਗਏ ਹਨ। ਥਾਂ-ਥਾਂ ਪਾਣੀ ਭਰਨ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।