ਗੁਰਦੁਆਰਾ ਹੇਮਕੁੰਟ 5 ਫੁੱਟ ਬਰਫ਼ ਨਾਲ ਢੱਕਿਆ, ਯਾਤਰਾ 25 ਮਈ ਤੋਂ
ਏਬੀਪੀ ਸਾਂਝਾ | 22 Feb 2018 01:19 PM (IST)
ਚੰਡੀਗੜ੍ਹ: ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 25 ਮਈ ਤੋਂ ਸ਼ੁਰੂ ਹੋ ਰਹੀ ਹੈ। 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਹੇਮਕੁੰਟ ਇਸ ਵੇਲੇ ਤਕਰੀਬਨ 5 ਫੁੱਟ ਬਰਫ਼ ਨਾਲ ਢੱਕਿਆ ਹੋਇਆ ਹੈ। ਉਸ ਦੇ ਤਿੰਨ ਕਿਲੋਮੀਟਰ ਘੇਰੇ ਤਕ ਬਰਫ਼ ਹੀ ਬਰਫ਼ ਹੈ। ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਇਸ ਵਰ੍ਹੇ ਸਾਲਾਨਾ ਯਾਤਰਾ ਵਿੱਚ ਪਿਛਲੇ ਵਰ੍ਹੇ ਨਾਲੋਂ ਵੀ ਵੱਧ ਯਾਤਰੂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜਣਗੇ। ਉਨ੍ਹਾਂ ਦੱਸਿਆ ਕਿ ਯਾਤਰਾ ਨੂੰ ਸੁਖਾਲਾ ਬਣਾਉਣ ਲਈ 25 ਅਪਰੈਲ ਤੋਂ ਭਾਰਤੀ ਜਵਾਨ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕਰ ਦੇਣਗੇ। ਮੈਨੇਜਰ ਨੇ ਦੱਸਿਆ ਕਿ ਯਾਤਰਾ ਦੇ ਸਮੇਂ ਗੁਰਦੁਆਰਾ ਗੋਬਿੰਦਧਾਮ ਕੋਲ ਪਿੰਡ ਭੰਡਾਰਾ ਨੇੜੇ ਬਣਾਇਆ ਗਿਆ ਵੱਡਾ ਪੁਲ ਵੀ ਸ਼ੁਰੂ ਹੋ ਜਾਵੇਗਾ। ਗੁਰਦੁਆਰਾ ਗੋਬਿੰਦਘਾਟ ਨੇੜੇ ਉਸਾਰਿਆ ਵੱਡਾ ਪੁਲ ਪਿਛਲੇ ਵਰ੍ਹੇ ਸ਼ੁਰੂ ਹੋ ਗਿਆ ਸੀ, ਜਿਸ ਰਸਤੇ ਚਾਰ ਕਿਲੋਮੀਟਰ ਦੂਰ ਪਿੰਡ ਘਗਰੀਆ ਤਕ ਵਾਹਨ ਵੀ ਜਾ ਸਕਦੇ ਹਨ। ਗੁਰਦੁਆਰਿਆਂ ਵਿੱਚ ਯਾਤਰੂਆਂ ਵਾਸਤੇ ਲੰਗਰ ਪਹੁੰਚਾਉਣ ਦਾ ਕੰਮ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ।