Jalandhar News: ਪੰਜਾਬ ਪੁਲਿਸ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਡਰੱਗ ਸਮੇਤ ਗ੍ਰਿਫਤਾਰ ਕਰਨ ਦਾ  ਦਾਅਵਾ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਕੋਲੋਂ 4 ਤੋਂ 5 ਗ੍ਰਾਮ ਨਸ਼ਾ ਬਰਾਮਦ ਹੋਇਆ ਹੈ। ਹਰਪ੍ਰੀਤ ਸਿੰਘ ਕੋਲੋਂ ਬਰਾਮਦ ਹੋਈ ਨਸ਼ੀਲਾ ਪਦਾਰਥ ਮੈਥਾਮਫੇਟਾਮਾਈਨ ਦੱਸਿਆ ਜਾ ਰਿਹਾ ਹੈ। 



ਉਧਰ, ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਅੱਜ ਇੱਕ ਮਾਰਚ ਵਿੱਚ ਹਿੱਸਾ ਲੈਣਾ ਸੀ। ਇਸ ਤੋਂ ਪਹਿਲਾਂ ਇਹ ਖਬਰ ਆਈ ਹੈ। ਇਸ ਮਾਮਲੇ ਦੀ ਹਾਈ ਕੋਰਟ ਦੇ ਜੱਜ ਤੋਂ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਹਰਪ੍ਰੀਤ ਸਿੰਘ ਨਸ਼ਾ ਲੈਂਦਾ ਹੈ ਜਾਂ ਉਸ ਕੋਲੋਂ ਨਸ਼ਾ ਵਰਗੀ ਕੋਈ ਚੀਜ਼ ਬਰਾਮਦ ਹੋ ਸਕਦੀ ਹੈ।


ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ 'ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ। ਮੀਡੀਆ ਵੱਲੋਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅਜੇ ਪੁਲਿਸ ਦੇ ਰਸਮੀ ਬਿਆਨ ਦੀ ਉਡੀਕ ਕਰ ਰਹੇ ਹਨ। ਸੂਤਰਾਂ ਮੁਤਾਬਕ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਹੋ ਰਹੀ ਹੈ। ਪੁਲਿਸ ਜਲਦ ਹੀ ਇਸ ਸਬੰਧੀ ਰਸਮੀ ਬਿਆਨ ਜਾਰੀ ਕਰ ਸਕਦੀ ਹੈ।



ਇਸ ਦੇ ਨਾਲ ਹੀ ਖਡੂਰ ਸਾਹਿਬ ਹਲਕੇ ਵਿੱਚ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਪਾਲ ਸਿੰਘ ਤੋਂ ਹਾਰੇ ਕਾਂਗਰਸੀ ਉਮੀਦਵਾਰ ਕੁਲਬੀਰ ਜ਼ੀਰਾ ਨੇ ਕਿਹਾ ਕਿ ਇਸ ਨਾਲ ਸਮੁੱਚਾ ਸਿੱਖ ਧਰਮ ਸ਼ਰਮਸਾਰ ਹੋਇਆ ਹੈ। ਹਰਪ੍ਰੀਤ ਸਿੰਘ ਨੇ ਚੋਣਾਂ ਵਿੱਚ ਅੰਮ੍ਰਿਤਪਾਲ ਸਿੰਘ ਲਈ ਚੋਣ ਪ੍ਰਚਾਰ ਕੀਤਾ ਸੀ। ਜੀਰਾ ਨੇ ਮੰਗ ਕੀਤੀ ਕਿ ਹਰਪ੍ਰੀਤ ਸਿੰਘ ਦਾ ਡੋਪ ਟੈਸਟ ਕਰਵਾਇਆ ਜਾਵੇ। ਪੁਲਿਸ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਨੂੰ ਉਸ ਦੇ ਸਾਥੀ ਸਮੇਤ ਬਾਅਦ ਦੁਪਹਿਰ ਅਦਾਲਤ ਵਿੱਚ ਪੇਸ਼ ਕਰੇਗੀ।


ਪੁਲਿਸ ਸੂਤਰਾਂ ਮੁਤਾਬਕ ਰਾਤ ਕਰੀਬ 1.30 ਵਜੇ ਦੋਵਾਂ ਨੂੰ ਮੁਆਇਨੇ ਲਈ ਫਿਲੌਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲਿਸ ਸੂਤਰਾਂ ਮੁਤਾਬਕ ਫਿਲੌਰ ਹਾਈਵੇ 'ਤੇ ਸਥਿਤ ਬੱਸ ਸਟੈਂਡ ਨੇੜੇ ਕਾਰ 'ਚ ਦੋਵੇਂ ਨਸ਼ੇ 'ਚ ਸਨ। ਇਸ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਰਪ੍ਰੀਤ ਸਿੰਘ ਰਈਆ ਜਾਣ ਲਈ ਘਰੋਂ ਨਿਕਲਿਆ ਸੀ। ਉਹ ਫਿਲੌਰ ਕਿਵੇਂ ਪਹੁੰਚਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ। ਇਸ ਦੇ ਨਾਲ ਹੀ ਹਰਪ੍ਰੀਤ ਸਿੰਘ ਦੇ ਨਾਲ ਗ੍ਰਿਫਤਾਰ ਕੀਤੇ ਗਏ ਦੂਜੇ ਸਾਥੀ ਦਾ ਨਾਂ ਲਵਪ੍ਰੀਤ ਸਿੰਘ ਹੈ। ਫੜੀ ਗਈ ਕਾਰ ਕ੍ਰੇਟਾ ਹੈ।