ETT recruitment : ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ 'ਚ ETT ਅਧਿਆਪਕਾਂ ਦੇ 5994 ਅਹੁਦਿਆਂ 'ਤੇ ਕੀਤੀ ਜਾ ਰਹੀ ਭਰਤੀ ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਭਰਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ  ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।


ਪਟੀਸ਼ਨਰ ਸ਼ੇਖਰ ਕੁਮਾਰ ਤੇ ਹੋਰਨਾਂ ਨੇ ਐਡਵੋਕੇਟ ਵਿਕਾਸ ਚਤਰਥ ਰਾਹੀਂ ਹਾਈ ਕੋਰਟ 'ਚ ਦੱਸਿਆ ਕਿ ਕਮਿਸ਼ਨ ਨੇ ਈਟੀਟੀ ਦੇ 5994 ਅਹੁਦਿਆਂ ਲਈ ਇਸ਼ਤਿਹਾਰ ਜਾਰੀ ਕੀਤਾ ਸੀ। ਇਸ ਤੋਂ ਬਾਅਦ ਪੰਜਾਬੀ ਦੀ ਪ੍ਰੀਖਿਆ ਲਈ ਗਈ ਜਿਸ 'ਚ 50 ਫ਼ੀਸਦੀ ਅੰਕ ਪ੍ਰਾਪਤ ਕਰਨੇ ਲਾਜ਼ਮੀ ਸਨ।


ਸਰਵਿਸ ਕਮਿਸ਼ਨ ਨੇ ਉੱਤਰ ਕੁੰਜੀ ਜਾਰੀ ਕੀਤੀ ਤੇ ਇਸ ਤੇ ਇਤਰਾਜ਼ ਮੰਗਿਆ। ਇਸ ਤੋਂ ਬਾਅਦ ਚਾਰ ਪ੍ਰਸ਼ਨਾਂ ਨੂੰ ਪ੍ਰੀਖਿਆ ’ਚੋਂ ਹਟਾ ਦਿੱਤਾ ਗਿਆ ਤੇ ਚਾਰ ਗ੍ਰੇਸ ਅੰਕ ਸਾਰੇ ਬਿਨੈਕਾਰਾਂ ਨੂੰ ਦੇਣ ਦਾ ਫ਼ੈਸਲਾ ਲਿਆ ਗਿਆ। ਪਟੀਸ਼ਨਰ ਨੇ ਕਿਹਾ ਕਿ ਇਨ੍ਹਾਂ ਚਾਰ ਪ੍ਰਸ਼ਨਾਂ 'ਚ ਕੋਈ ਸਮੱਸਿਆ ਨਹੀਂ ਸੀ। ਨਾ ਤਾਂ ਇਨ੍ਹਾਂ ਦੇ ਉੱਤਰ 'ਚ ਖਾਮੀ ਸੀ ਤੇ ਨਾ ਹੀ ਇਕ ਤੋਂ ਜ਼ਿਆਦਾ ਸਹੀ ਹੋਣ ਦਾ ਮਾਮਲਾ ਸੀ। ਇਸ ਦੇ ਬਾਵਜੂਦ ਨਤੀਜੇ 'ਚ ਸੋਧ ਕੀਤੀ ਗਈ ਤੇ ਅਜਿਹਾ ਕਰਨ ਨਾਲ ਪ੍ਰਭਾਵਿਤ ਧਿਰ ਨੂੰ ਸੁਣਵਾਈ ਦਾ ਮੌਕਾ ਵੀ ਨਹੀਂ ਦਿੱਤਾ ਗਿਆ।


ਓਧਰ ਪੰਜਾਬ ਸਰਕਾਰ ਨੇ 5994 ਈਟੀਟੀ ਅਧਿਆਪਕਾਂ ਨੂੰ ਪਹਿਲ ਦੇ ਆਧਾਰ 'ਤੇ ਜੁਆਇਨ ਕਰਵਾਉਣ ਦੀ ਪਲਾਨਿੰਗ ਕੀਤੀ ਹੈ। ਜਿਸ ਦੇ ਲਈ ਇਹਨਾਂ ਅਧਿਆਪਕਾਂ ਤੋਂ ਦਸਤਾਵੇਜ਼ ਮੰਗੇ ਹਨ, ਜਿਹਨਾਂ ਨੇ 5994 ਅਸਾਮੀਆਂ ਲਈ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ਅਧਿਆਪਕਾਂ ਨੂੰ 17 ਜੁਲਾਈ ਤੋਂ 4 ਅਗਸਤ, 2023 ਤੱਕ ਮੁਹਾਲੀ ਸਥਿਤ ਸਿੱਖਿਆ ਵਿਭਾਗ ਦੇ ਡਾਇਰੈਕਟੋਰੇਟ ਅਤੇ ਫੇਜ਼ 3ਬੀ-1 ਸਥਿਤ ਸਰਕਾਰੀ ਮਾਡਲ ਸੀਨੀਅਰ ਸਕੂਲ ਵਿਖੇ ਬੁਲਾਇਆ ਗਿਆ ਹੈ।


ਨਵੇਂ ਭਰਤੀ ਹੋਏ ਅਧਿਆਪਕਾਂ ਨੂੰ ਉਨ੍ਹਾਂ ਦੇ ਅੰਕ ਅਤੇ ਰਾਖਵੀਂ ਸ਼੍ਰੇਣੀ ਅਨੁਸਾਰ ਬੁਲਾਇਆ ਜਾ ਰਿਹਾ ਹੈ। ਇਸ ਦੌਰਾਨ ਬਿਨੈਕਾਰਾਂ ਨੂੰ ਆਪਣੀ 10ਵੀਂ, ਈ.ਟੀ.ਟੀ., ਬੀ.ਏ., ਹੋਰ ਪੜ੍ਹਾਈ ਅਤੇ ਹੋਰ ਸਾਰੇ ਦਸਤਾਵੇਜ਼ ਆਪਣੇ ਨਾਲ ਲਿਆਉਣ ਲਈ ਕਿਹਾ ਗਿਆ ਹੈ। ਇਨ੍ਹਾਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ 5 ਮਾਰਚ 2023 ਨੂੰ ਹੋਈ ਸੀ ਅਤੇ ਉਦੋਂ ਤੋਂ ਹੀ ਅਧਿਆਪਕ ਭਰਤੀ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਹਨ।