ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਚੱਢਾ ਦੀ ਖ਼ੁਦਕੁਸ਼ੀ ਮਾਮਲੇ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅਹਿਮ ਸੁਣਵਾਈ ਹੋਈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ - ਕੀ 2018 ਵਿੱਚ ਇੰਦਰਪ੍ਰੀਤ ਚੱਢਾ ਦੀ ਖੁਦਕੁਸ਼ੀ ਵਿੱਚ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦਾ ਨਾਮ ਆਇਆ ਸੀ ਜਾਂ ਨਹੀਂ ?
ਇਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਸੋਮਵਾਰ ਲਈ ਮੁਲਤਵੀ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਗੈਰ-ਕਾਨੂੰਨੀ ਕਾਰੋਬਾਰ ਨੂੰ ਲੈ ਕੇ ਸਿਧਾਰਥ ਚਟੋਪਾਧਿਆਏ ਵੱਲੋਂ ਸਾਈਨ ਕੀਤੀ ਸੀਲਬੰਦ ਰਿਪੋਰਟ 'ਤੇ ਵੀ ਜਿਰ੍ਹਾ ਹੋਈ। ਸਾਬਕਾ ਡੀਜੀਪੀਜ ਦਿਨਕਰ ਗੁਪਤਾ ਅਤੇ ਸੁਰੇਸ਼ ਅਰੋੜਾ ਨੇ ਰਿਪੋਰਟ ਖੋਲ੍ਹਣ ਦਾ ਵਿਰੋਧ ਕੀਤਾ ਅਤੇ ਰਿਪੋਰਟ ਨੂੰ ਅਧੂਰੀ ਕਰਾਰ ਦਿੰਦਿਆਂ ਇਸ ਨੂੰ ਨਾ ਖੋਲ੍ਹਣ ਦੀ ਮੰਗ ਕੀਤੀ ਸੀ।
ਅਦਾਲਤ ਨੂੰ ਦੱਸਿਆ ਗਿਆ ਕਿ ਚਟੋਪਾਧਿਆਏ ਦੀ 3 ਮੈਂਬਰੀ ਐਸਆਈਟੀ ਨੇ 1 ਕਰੋੜ ਰੁਪਏ ਦੇ ਡਰੱਗ ਰੈਕੇਟ ਮਾਮਲੇ ਦੀ ਜਾਂਚ ਤੋਂ ਬਾਅਦ 2018 ਵਿੱਚ ਅਦਾਲਤ ਨੂੰ ਤਿੰਨ ਸੀਲਬੰਦ ਰਿਪੋਰਟਾਂ ਸੌਂਪੀਆਂ ਸਨ, ਚੌਥੀ ਰਿਪੋਰਟ ਵੱਖਰੇ ਤੌਰ 'ਤੇ ਪੇਸ਼ ਕੀਤੀ ਗਈ ਸੀ। ਇਸ ਵਿਚ ਸਾਬਕਾ ਡੀਜੀਪੀ ਦਿਨਕਰ ਗੁਪਤਾ ਅਤੇ ਸੁਰੇਸ਼ ਅਰੋੜਾ 'ਤੇ ਟਿੱਪਣੀ ਕੀਤੀ ਗਈ ਹੈ।
ਰਿਪੋਰਟ 'ਤੇ ਸਿਰਫ ਚਟੋਪਾਧਿਆਏ ਦੇ ਦਸਤਖਤ ਹਨ। ਹਾਈ ਕੋਰਟ ਨੇ 28 ਮਾਰਚ ਨੂੰ 3 ਰਿਪੋਰਟਾਂ ਖੋਲ੍ਹੀਆਂ ਹਨ, ਪਰ ਚੌਥੀ ਰਿਪੋਰਟ 'ਤੇ ਮੋਹਰ ਲੱਗੀ ਹੋਈ ਹੈ। ਦਿਨਕਰ ਗੁਪਤਾ, ਸੁਰੇਸ਼ ਅਰੋੜਾ ਨੇ ਕਿਹਾ ਕਿ ਇਹ ਰਿਪੋਰਟ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਦਰਜ ਕਰਵਾਈ ਗਈ ਹੈ।
ਇੰਦਰਪ੍ਰੀਤ ਖੁਦਕੁਸ਼ੀ ਮਾਮਲੇ 'ਚ ਚਟੋਪਾਧਿਆਏ ਦਾ ਨਾਂ ਆਉਣ ਬਾਰੇ ਸਰਕਾਰ ਨੇ ਕਿਹਾ ਕਿ ਦੋ ਵਾਰ ਸਵਾਲ ਭੇਜੇ ਗਏ, ਪਰ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ।
ਚਟੋਪਾਧਿਆਏ ਨੇ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਚੱਢਾ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਖ਼ੁਦ ਨੂੰ ਬੇਕਸੂਰ ਕਰਾਰ ਦੱਸਿਆ ਸੀ ਤੇ ਨਾਲ ਹੀ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਚਟੋਪਾਧਿਆਏ ਦੀ ਤਰਫੋਂ ਪੰਜਾਬ-ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਹਾਈਕੋਰਟ ਨੇ ਪੂਰੇ ਮਾਮਲੇ ਦੀ ਰਿਪੋਰਟ ਤਲਬ ਕਰ ਲਈ ਹੈ। ਇਸ ਦੇ ਨਾਲ ਹੀ 2018 'ਚ ਹਾਈਕੋਰਟ ਨੇ ਚਟੋਪਾਧਿਆਏ ਦੇ ਮਾਮਲੇ ਦੀ ਜਾਂਚ 'ਤੇ ਰੋਕ ਲਗਾ ਦਿੱਤੀ ਹੈ।